ਲਾਡੋਵਾਲ, 5 ਜੁਲਾਈ (ਬਲਬੀਰ ਸਿੰਘ ਰਾਣਾ)- ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਆਪ ਸਰਕਾਰ ਲੋਕਾਂ ਨਾਲ ਧੱਕੇਸ਼ਾਹੀਆਂ ਤੇ ਉੱਤਰ ਆਈ ਹੈ, ਜਿਸ ਦਾ ਮੂੰਹ ਤੋੜਵਾਂ ਜਵਾਬ ਪੰਜਾਬ ਦੇ ਲੋਕ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾ ਕੇ ਦੇਣਗੇ l ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਗਿੱਲ ਦੇ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਪਿੰਡ ਨਿਊ ਬਹਾਦਰ ਕੇ ਦੀ ਆਪ ਸਰਕਾਰ ਵੱਲੋਂ ਸਸਪੈਂਡ ਕੀਤੀ ਮਹਿਲਾ ਸਰਪੰਚ ਮਹੇਸ਼ੋ ਅਤੇ ਹੋਰਾਂ ਨਾਲ ਇਕ ਮੀਟਿੰਗ ਦੌਰਾਨ ਸਾਂਝੇ ਕੀਤੇ l ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਪ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਣ ਕਰਕੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ, ਆਪ ਸਰਕਾਰ ਅਤੇ ਨੁਮਾਇੰਦੇ ਰਾਜਭਾਗ ਨੂੰ ਹੱਥ ਵਿਚੋਂ ਖੁਸਦਾ ਦੇਖ ਘਟੀਆ ਹਰਕਤਾਂ ਕਰ ਰਹੇ ਹਨ l ਸਾਬਕਾ ਜੱਜ ਸਿੰਮਕ ਨੇ ਕਿਹਾ ਕਿ ਪੰਜਾਬ ਅੰਦਰ 2027 ਵਿਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ਤੇ ਹਲਕੇ ਦੇ ਹਰ ਇਕ ਪਰਿਵਾਰ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਸ਼ਿਕਾਰ ਹੋਏ ਲੋਕਾਂ ਦੇ ਜਖਮਾਂ ਤੇ ਵੀ ਮਲਮ ਲਾਈ ਜਾਵੇਗੀ l ਉਨਾਂ ਕਿਹਾ ਕਿ ਸਰਕਾਰਾਂ ਲੋਕਾਂ ਦੀ ਹਿਫਾਜ਼ਤ, ਰੱਖਿਆ ਅਤੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਵਾਉਣ ਲਈ ਬਣਾਈਆਂ ਜਾਂਦੀਆਂ ਹਨ, ਨਾ ਕਿ ਲੋਕਾਂ ਤੋਂ ਵੋਟਾਂ ਲੈ ਕੇ ਸਤਾ ਦੇ ਨਸ਼ੇ ਵਿਚ ਉਨਾਂ ਦੀਆਂ ਹੱਕੀ ਮੰਗਾਂ ਨੂੰ ਠੇਡਾ ਮਾਰਨਾ l ਸਾਬਕਾ ਜੱਜ ਸਿੰਮਕ ਨੇ ਇਹ ਵੀ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਨਾਲ ਦੁੱਖ ਸੁੱਖ ਵੇਲੇ ਨਾਲ ਖੜਦੀ ਹੈ, ਜਿਸ ਦੇ ਕਾਰਜਕਾਲ ਦੌਰਾਨ ਪੰਜਾਬ ਉਨਤੀ ਅਤੇ ਤਰੱਕੀ ਦੀਆਂ ਲੀਹਾਂ ਵੱਲ ਵੱਧਿਆ ਅਤੇ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਨਾਲ ਨਾਲ ਢੇਰ ਸਾਰੀਆਂ ਬੁਨਿਆਦੀ ਸਹੂਲਤਾਂ ਦੇ ਕੇ ਨਿਵਾਜਿਆ ਗਿਆl ਉਨਾਂ ਕਿਹਾ ਕਿ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਵਾਲੀ ਆਪ ਸਰਕਾਰ ਨੂੰ ਲੋਕ ਸਤਾ ਵਿਚ ਲਿਆ ਕੇ ਦਿਲੋਂ ਪਛਤਾਵਾ ਕਰ ਰਹੇ ਹਨ ਅਤੇ ਪੰਜਾਬ ਅੰਦਰ ਮੁੜ ਸ਼੍ਰੋਮਣੀ ਅਕਾਲੀ ਦਲ (ਬ ) ਦੀ ਸਰਕਾਰ ਬਣਾਉਣ ਲਈ ਆਪਾਂ ਵਡਮੁੱਲਾ ਯੋਗਦਾਨ ਪਾ ਰਹੇ ਹਨ l ਇਸ ਮੌਕੇ ਪਿੰਡ ਨਿਊ ਬਹਾਦਰ ਕੇ ਦੀ ਸਸਪੈਂਡ ਕੀਤੀ ਸਰਪੰਚ ਮਹੇਸ਼ੋ, ਸਾਬਕਾ ਸਰਪੰਚ ਪਿੰਕੀ ਰਾਮ, ਕਰਮਜੀਤ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਇਲਾਵਾ ਸਰਕਲ ਪ੍ਰਧਾਨ ਇਕਬਾਲ ਸਿੰਘ ਮੰਝਫੱਗੂਵਾਲ, ਸਾਬਕਾ ਸਰਪੰਚ ਬੀਬੀ ਕਮਲੇਸ਼ ਰਾਣੀ ਆਦਿ ਵੀ ਹਾਜਰ ਸਨ l