ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਪੱਕ ਕਰਨ, ਇਸ ਦੇ ਨਾਲ ਨਾਲ ਪੁਰਾਤਨ ਗੁਰਮਤਿ ਸੰਗੀਤ ਸ਼ੈਲੀ ਨੂੰ ਅੱਗੇ ਤੋਰਨ ਆਦਿ ਵਰਗੇ ਵਿਸ਼ੇਸ਼ ਉਪਰਾਲੇ ਕਰਨ ਲਈ “ਜਵੱਦੀ ਟਕਸਾਲ” ਦੇ ਬਾਨੀ ਪਰਮ ਸੰਤ ਬਾਬਾ ਸੁੱਚਾ ਸਿੰਘ ਦੀ ਸਲਾਨਾਂ ਯਾਦ ’ਚ ਅਗਲੇ ਮਹੀਨੇ ਵੱਡੇ ਪੱਧਰ ਤੇ ਬਰਸੀ ਸਮਾਗਮ ਹੋਣਗੇ। ਸੰਤਾਂ ਦੇ ਜੀਵਨ ਨਾਲ ਸਬੰਧਤ ਯਾਦਾਂ ਦੀਆਂ ਤੰਦਾਂ ਸਾਂਝੇ ਕਰਦਿਆਂ ਫੁਰਮਾਇਆ ਕਿ ਮਹਾਂਪੁਰਸ਼ਾਂ ਨੇ ਹਰ ਵੇਲੇ ਵਿਦਿਆਰਥੀਆਂ ਅਤੇ ਸੰਗਤਾਂ ਨੂੰ ਸਵਾਸ-ਸਵਾਸ ਪ੍ਰਭੂ-ਭਗਤੀ ‘ਚ ਲੀਨ ਹੋ ਕੇ ਸਿਮਰਨ ਕਰਨ ਲਈ ਪ੍ਰੇਰਿਆ। ਕਾਮ, ਕਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਾ ਅਤੇ ਈਰਖਾ ਆਦਿ ਵਰਗੇ ਭੈੜੇ ਸਮਾਜਿਕ ਵਿਕਾਰ ਮਨੁੱਖ ਨੂੰ ਅਨੈਤਿਕ ਬਣਾਉਂਦੇ ਹਨ। ਇਨ੍ਹਾਂ ਅਨੈਤਿਕ ਰੁਚੀਆਂ ਵਿਚ ਗ੍ਰਸਿਆ ਹੋਇਆ ਜੀਵ ਪ੍ਰਮਾਤਮਾਂ ਨੂੰ ਭੁੱਲ ਕੇ ਅਪਰਾਧ ਜਗਤ ਵਿਚ ਪ੍ਰਵੇਸ਼ ਕਰਦਾ ਹੈ। ਇਸ ਲਈ ਉਨ੍ਹਾਂ ਸਮੁੱਚਾ ਜੀਵਨ ਗੁਰਬਾਣੀ ਨਾਮ ਸਿਮਰਨ ਕਰਨ, ਸੱਚ ਬੋਲਣ, ਨਿਮਰਤਾ ਧਾਰਨ ਕਰਨ, ਲੋੜਵੰਦਾਂ ਦੀ ਮਦਦ ਕਰਨ, ਮਿੱਠ ਬੋਲੜਾ ਹੋਣ ਆਦਿ ਵਰਗੇ ਗੁਣ ਧਾਰਨ ਕਰਨ ਤੇ ਜੋਰ ਦਿੱਤਾ। ਵੱਡੇ ਮਹਾਂਪੁਰਸ਼ਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਦੁਨਿਆਵੀ ਸੰਸਾਰ ਦੀ ਮੋਹ-ਮਾਇਆ ‘ਚ ਲੀਨ ਹੋ ਕੇ ਅਸੀਂ ਆਪਣਾ ਅਸਲੀ ਕਰਤੱਵ ਭੁੱਲ ਜਾਂਦੇ ਹਾਂ। ਜਦਕਿ ਇਹ ਦਿਸਦਾ ਸੰਸਾਰ ਪਰਿਵਰਤਨਸ਼ੀਲ ਹੈ। ਇੱਥੇ ਕੁਝ ਵੀ ਸਥਾਈ ਨਹੀਂ ਹੈ, । ਗੁਰੂ ਕਾ ਲੰਗਰ ਅਤੁੱਟ ਵਰਤਿਆ।