08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਕਮਜ਼ੋਰ ਥਾਵਾਂ ਬਣ ਸਕਦੀਆਂ ਹਨ ਦਰਿਆ ਬਿਆਸ ਦੇ ਆਰਜ਼ੀ ਬੰਨ੍ਹ ਟੁੱਟਣ ਦਾ ਕਾਰਨ

Ad Position 21
No active advertisement
ਅਜੀਤ ਡੈਸਕ 06-07-2026

ਕਪੂਰਥਲਾ/ਸੁਲਤਾਨਪੁਰ ਲੋਧੀ, 5 ਜੁਲਾਈ (ਅਮਰਜੀਤ ਕੋਮਲ, ਨਰੇਸ਼ ਹੈਪੀ)-ਦਰਿਆ ਬਿਆਸ ਦੀਆਂ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਕਰਨ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਡ ਆਹਲੀ ਖ਼ੁਰਦ, ਗੋਇੰਦਵਾਲ ਸਾਹਿਬ ਨੇੜਲੇ ਪੁਲ ਤੇ ਹੋਰ ਥਾਵਾਂ ‘ਤੇ ਪੱਥਰ ਲਗਾਉਣ, ਕੁੱਝ ਥਾਵਾਂ ‘ਤੇ ਧੁੱਸੀ ਬੰਨ੍ਹ ਉੱਪਰੋਂ ਲੰਘਦੀ ਸੜਕ ਦੀਆਂ ਬਰਮਾਂ ‘ਤੇ ਮਿੱਟੀ ਪਾਉਣ ਤੇ ਜ਼ਿਲ੍ਹੇ ਵਿਚੋਂ ਗੁਜ਼ਰਦੀ ਕਾਲੀ ਵੇਈਂ ‘ਤੇ ਪੈਂਦੇ ਪੁਲਾਂ ਨੇੜਿਓ ਸਫ਼ਾਈ ਕਰਵਾਈ ਗਈ ਹੈ, ਪਰ ਜ਼ਿਲ੍ਹੇ ਵਿਚੋਂ ਲੰਘ ਰਹੇ ਪੁਰਾਣੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕੋਈ ਠੋਸ ਕੰਮ ਨਹੀਂ ਕੀਤਾ ਗਿਆ | ਇਸੇ ਤਰ੍ਹਾਂ ਸਰਦੁਲਾਪੁਰ ਤੋਂ ਪਿੰਡ ਗੁੱਦੇ ਤੱਕ ਇਲਾਕੇ ਦੇ ਲੋਕਾਂ ਵਲੋਂ ਬਣਾਏ ਗਏ 15 ਕਿੱਲੋਮੀਟਰ ਲੰਮੇ ਬੰਨ੍ਹ ਦੀਆਂ ਚਾਰ ਕਮਜ਼ੋਰ ਥਾਵਾਂ ਇਸ ਖੇਤਰ ਦੇ ਕਿਸਾਨਾਂ ਦੀਆਂ ਫ਼ਸਲਾਂ ਦੀ ਬਰਬਾਦੀ ਦਾ ਕਾਰਨ ਬਣ ਸਕਦੀਆਂ ਹਨ | ਪਿੰਡ ਆਹਲੀ ਦੇ ਕਿਸਾਨ ਰਸ਼ਪਾਲ ਸਿੰਘ ਸੰਧੂ ਨੇ ‘ਅਜੀਤ’ ਦੀ ਟੀਮ ਨੂੰ ਦੱਸਿਆ ਕਿ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਦੇ ਯਤਨਾਂ ਸਦਕਾ ਡਰੇਨਜ਼ ਵਿਭਾਗ ਵਲੋਂ ਪਿੰਡ ਆਹਲੀ ਖ਼ੁਰਦ ਦੇ ਸਾਹਮਣੇ ਕਿਸਾਨਾਂ ਵਲੋਂ ਬਣਾਏ ਗਏ ਆਰਜ਼ੀ ਬੰਨ੍ਹ ਨੂੰ ਦਰਿਆ ਵਲੋਂ ਲਗਾਈ ਜਾ ਰਹੀ ਢਾਹ ਨੂੰ ਰੋਕਣ ਲਈ 800 ਫੁੱਟ ਪੱਥਰ ਦੇ ਕਰੇਟ ਲਗਾ ਕੇ ਕੰਧ ਬਣਾਉਣ ਦਾ ਕੰਮ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਹੁਣ ਵਿਭਾਗ ਵਲੋਂ ਇਲਾਕੇ ਦੇ ਲੋਕਾਂ ਦੀ ਮੰਗ ‘ਤੇ 200 ਫੁੱਟ ਬੰਨ੍ਹ ਦੇ ਨਾਲ-ਨਾਲ ਹੋਰ ਪੱਥਰ ਲਗਾਏ ਜਾਣ ਦੀ ਤਜਵੀਜ਼ ਹੈ | ਉਨ੍ਹਾਂ ਕਿਹਾ ਕਿ ਇਸ ਥਾਂ ‘ਤੇ ਪੱਥਰ ਲੱਗਣ ਨਾਲ ਇਸ ਆਰਜ਼ੀ ਬੰਨ੍ਹ ਨੂੰ ਮਜ਼ਬੂਤੀ ਮਿਲੀ ਹੈ, ਪਰ ਕਰਮੂਵਾਲਾ ਪੱਤਣ ਦੇ ਸਾਹਮਣੇ, ਆਹਲੀ ਕਲਾਂ ਤੇ ਪਿੰਡ ਮੰਡ ਗੁੱਦੇ ਦੇ ਸਾਹਮਣੇ ਇਸ ਬੰਨ੍ਹ ਦੀਆਂ ਕਮਜ਼ੋਰ ਥਾਵਾਂ ਬਰਸਾਤ ਦੇ ਮੌਸਮ ਵਿਚ ਧੁੱਸੀ ਬੰਨ੍ਹ ਦੇ ਟੁੱਟਣ ਦਾ ਕਾਰਨ ਬਣ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਥਾਵਾਂ ਤੋਂ ਬੰਨ੍ਹ ਟੁੱਟਦਾ ਹੈ ਤੇ ਇਸ ਖੇਤਰ ਦੀ 20 ਤੋਂ ਲੈ ਕੇ 25 ਹਜ਼ਾਰ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਸਕਦੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਬਰਸਾਤ ਦੇ ਦਿਨਾਂ ਦੌਰਾਨ ਆਹਲੀ ਕਲਾਂ ਦੇ ਸਾਹਮਣੇ ਆਰਜ਼ੀ ਬੰਨ੍ਹ ਟੁੱਟਣ ਕਾਰਨ ਇਸ ਖੇਤਰ ਦੇ ਲੋਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ | ਰਸ਼ਪਾਲ ਸਿੰਘ ਸੰਧੂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਰਜ਼ੀ ਧੁੱਸੀ ਬੰਨ੍ਹ ਦੀਆਂ ਇਨ੍ਹਾਂ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਕਰਨ ਲਈ ਇੱਥੇ ਪੱਥਰ ਦੇ ਕੰਮ ਕਰਵਾਏ ਜਾਣ | ਉਨ੍ਹਾਂ ਆਰਜ਼ੀ ਬੰਨ੍ਹ ਦੀ ਮਜ਼ਬੂਤੀ ਲਈ ਸਰਕਾਰ ਵਲੋਂ ਕਰਵਾਏ ਗਏ ਕਾਰਜਾਂ ਲਈ ਬਾਬਾ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਆਹਲੀ ਕਲਾਂ ਤੋਂ ਧੁੱਸੀ ਬੰਨ੍ਹ ਨੂੰ ਜਾਂਦੇ ਕੱਚੇ ਰਸਤੇ ਪੱਕੇ ਕਰਵਾਉਣ ਦੀ ਵੀ ਮੰਗ ਕੀਤੀ | ਇਸ ਮੌਕੇ ਪਿੰਡ ਆਹਲੀ ਕਲਾਂ ਦੇ ਹੋਰ ਕਿਸਾਨਾਂ ਜਸਬੀਰ ਸਿੰਘ, ਨਿਰਵੈਰ ਸਿੰਘ, ਤਰਲੋਚਨ ਸਿੰਘ ਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਆਹਲੀ ਕਲਾਂ ਤੋਂ ਆਰਜ਼ੀ ਬੰਨ੍ਹ ਤੱਕ ਪਹੁੰਚਣ ਲਈ ਲਗਭਗ 2 ਕਿੱਲੋਮੀਟਰ ਰਸਤਾ ਤਤਕਾਲੀਨ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਵਲੋਂ ਅਕਾਲੀ ਭਾਜਪਾ ਗੱਠਜੋੜ ਦੇ ਰਾਜ ਦੌਰਾਨ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਰਸਤੇ ਨੂੰ ਪੱਕਾ ਨਹੀਂ ਕੀਤਾ ਗਿਆ | ਹੁਣ ਜਦੋਂ ਧੁੱਸੀ ਬੰਨ੍ਹ ‘ਤੇ ਪੱਥਰ ਲਗਾਉਣ ਦੇ ਕੰਮ ਚੱਲ ਰਹੇ ਸਨ ਤੇ ਰਸਤਾ ਖ਼ਰਾਬ ਹੋਣ ਕਾਰਨ ਇਹ ਕੰਮ ਠੱਪ ਹੋ ਕੇ ਰਹਿ ਗਏ ਹਨ | ਜੇ ਅਗਲੇ ਦਿਨਾਂ ਵਿਚ ਵੀ ਬਰਸਾਤ ਜਾਰੀ ਰਹੀ ਤਾਂ ਪੱਥਰ ਲਗਾਉਣ ਦਾ ਕੰਮ ਜਾਰੀ ਨਹੀਂ ਰੱਖਿਆ ਜਾ ਸਕਦਾ, ਜਿੱਥੋਂ ਤੱਕ ਡਰੇਨ ਵਿਭਾਗ ਵਲੋਂ ਧੁੱਸੀ ਬੰਨ੍ਹ ‘ਤੇ ਬਣ ਸੜਕ ‘ਤੇ ਮਿੱਟੀ ਪਾਉਣ ਦਾ ਸਵਾਲ ਹੈ, ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਬਰਮਾਂ ‘ਤੇ ਪਾਈ ਗਈ ਮਿੱਟੀ ਖੁਰ ਕੇ ਟੋਏ ਪੈ ਗਏ ਹਨ ਤੇ ਇਕ ਬਾਰਿਸ਼ ਹੋਣ ਤੋਂ ਬਾਅਦ ਬਰਮਾਂ ‘ਤੇ ਪਈ ਸਾਰੀ ਮਿੱਟੀ ਖੁਰ ਸਕਦੀ ਹੈ | ਇਸੇ ਤਰ੍ਹਾਂ ਜ਼ਿਲ੍ਹੇ ਵਿਚੋਂ ਗੁਜ਼ਰਦੀ ਕਾਲੀ ਵੇਈਾ ਦੇ ਬਹੁਤ ਸਾਰੇ ਹਿੱਸੇ ਅਜੇ ਵੀ ਬੂਟੀ ਨਾਲ ਭਰੇ ਹੋਏ ਹਨ ਤੇ ਬਰਸਾਤ ਦੌਰਾਨ ਜਦੋਂ ਵੇਈਾ ਵਿਚ ਪਾਣੀ ਦਾ ਪੱਧਰ ਵਧਿਆ ਤਾਂ ਇਹ ਪਾਣੀ ਵੇਈਾ ਨੇੜੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਏਗਾ | ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਪਿਛਲੇ ਪਾਸੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੇੜੇ ਫਲੋਟਿੰਗ ਪੁਲ ਬਣਾਇਆ ਗਿਆ ਸੀ, ਉੱਥੇ ਵੱਡੀ ਮਾਤਰਾ ਵਿਚ ਫ਼ਸੀ ਬੂਟੀ ਪਾਣੀ ਦੇ ਵਹਾਅ ਨੂੰ ਰੋਕ ਸਕਦੀ ਹੈ, ਜੇ ਡਰੇਨਾਂ ਦੀ ਗੱਲ ਕਰੀਏ ਤਾਂ ਪਿੰਡ ਮਿੱਠੜਾ ਕੋਲ ਦੀ ਲੰਘਦੀ ਡਰੇਨ, ਇਸੇ ਤਰ੍ਹਾਂ ਭਾਣੋਲੰਗਾ ਤੋਂ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਤੋਂ ਗੁਜ਼ਰਦੀ ਟਰੇਨ ਪੂਰੀ ਤਰ੍ਹਾਂ ਹਾਈਸਿੰਥ ਬੂਟੀ ਨਾਲ ਢੱਕੀ ਹੋਈ ਹੈ ਤੇ ਇਹ ਦੋਵੇਂ ਡਰੇਨਾਂ ਬਰਸਾਤ ਦੌਰਾਨ ਚੱਲਦੀਆਂ ਹਨ, ਪ੍ਰੰਤੂ ਪ੍ਰਸ਼ਾਸਨ ਵਲੋਂ ਇਨ੍ਹਾਂ ਡਰੇਨਾਂ ਦੀ ਸਫ਼ਾਈ ਵੱਲ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਭੁਲੱਥ ਦੇ ਵਿਕਾਸ ਮੁੱਦਿਆਂ ਨੂੰ ਲੈ ਕੇ ਗੋਰਾ ਗਿੱਲ ਨੇ ਪੰਜਾਬ ਭਾਜਪਾ ਪ੍ਰਧਾਨ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ’ਚ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ
Ad Position 24