ਲੁਧਿਆਣਾ, 6 ਜੁਲਾਈ (ਬੈਂਸ)-ਨਗਰ ਸੁਧਾਰ ਟਰੱਸਟ ਦੀ ਅੱਜ ਹੋਈ ਇਕੱਤਰਤਾ ਦੌਰਾਨ ਟਰੱਸਟ ਦੀਆਂ ਵੱਖ-ਵੱਖ ਵਿਕਾਸ ਸਕੀਮਾਂ ਅਧੀਨ ਪੈਂਦੀਆਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਲਈ ਵਿੱਤੀ ਸਾਲ 2026-27 ਦੀਆਂ ਰਾਖਵੀਂਆਂ ਕੀਮਤਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਕੋਲ ਮਨਜ਼ੂਰੀ ਲਈ ਭੇਜਣ ਦਾ ਫ਼ੈਸਲਾ ਕੀਤਾ ਗਿਆ। ਇਹ ਕੀਮਤਾਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਟਰੱਸਟ ਦੀਆਂ ਵਿਕਾਸ ਸਕੀਮਾਂ ਵਿਚ ਪੈਂਦੀਆਂ ਜਾਇਦਾਦਾਂ ਦੀਆਂ ਰਾਖਵੀਂਆਂ ਕੀਮਤਾਂ ਨੂੰ ਪ੍ਰਵਾਨ ਕਰਨ ਲਈ ਭਵਿੱਖ ਵਿਚ ਜਾਇਦਾਦਾਂ ਦੀ ਨਿਲਾਮੀ ਅਤੇ ਹੋਰ ਪ੍ਰਕਿਰਿਆ ਨਿਯਮਾਂ ਅਨੁਸਾਰ ਅੱਗੇ ਵਧਾਈ ਜਾ ਸਕੇਗੀ। ਇਸ ਉਪਰੰਤ ਚੇਅਰਮੈਨ ਭਿੰਡਰ ਨੇ ਸ਼ਹੀਦ ਭਗਤ ਸਿੰਘ ਨਗਰ (475) ਏਕੜ ਸਥਿਤ ਸਿਟੀ ਸੈਂਟਰ ਦਾ ਦੌਰਾ ਕਰਕੇ ਬਰਸਾਤ ਕਾਰਨ ਸੜਕ ਵਿਚ ਪਏ ਟੋਏ ਦਾ ਜਾਇਆ ਲਿਆ। ਤਕਨੀਕੀ ਸ਼ਾਖਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਹਰ ਸਾਲ ਬਰਸਾਤੀ ਮੌਸਮ ਦੌਰਾਨ ਸੜਕ ਦੇ ਹੇਠੋਂ ਮਿੱਟੀ ਖਿਸਕਣ ਕਾਰਨ ਸੜਕ ਧਸ ਜਾਂਦੀ ਹੈ, ਜਿਸ ਨਾਲ ਟੋਆ ਪੈ ਜਾਂਦਾ ਹੈ। ਫ਼ਿਲਹਾਲ ਇਸ ਨੂੰ ਮਿੱਟੀ ਨਾਲ ਭਰ ਕੇ ਆਵਾਜਾਈ ਸੁਚਾਰੂ ਬਣਾਈ ਜਾਂਦੀ ਹੈ। ਚੇਅਰਮੈਨ ਨੇ ਤਕਨੀਕੀ ਸ਼ਾਖਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਦੌਰਾਨ ਸਿਟੀ ਸੈਂਟਰ ਅਤੇ ਆਲੇ-ਦੁਆਲੇ ਦੇ ਇਲਾਕੇ ’ਤੇ ਵਿਸ਼ੇਸ਼ ਨਿਗਰਾਨੀ ਰੱਖੇ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸੜਕ ਧਸਣ ਜਾਂ ਹੋਰ ਕਿਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਸਾਹਮਣੇ ਆਵੇ, ਉਸ ਦਾ ਤੁਰੰਤ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।