ਲੁਧਿਆਣਾ, 7 ਜੁਲਾਈ (ਬੈਂਸ)-ਚੰਡੀਗੜ੍ਹ ਰੋਡ ਨਾਲ ਲੱਗਦੇ ਇਲਾਕਿਆਂ ਵਿਚ ਜਲ ਭਰਾਅ ਦੀ ਸਮੱਸਿਆ ਦੇ ਸਥਾਈ ਹੱਲ ਅਤੇ ਸੀਵਰੇਜ ਪ੍ਰਬੰਧ ਨੂੰ ਹੋਰ ਮਜ਼ਬੂਤ ਬਣਾਉਣ ਲਈ ਤਾਜਪੁਰ ਰੋਡ ’ਤੇ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਈ ਜਾ ਰਹੀ ਮੁੱਖ ਸੀਵਰੇਜ ਲਾਈਨ ਦੇ ਕੰਮ ਦਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੰਗਲਵਾਰ ਨੂੰ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਅਤੇ ਨਿਰਮਾਣ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਦੇ ਨਿਰਦੇਸ਼ ਦਿੱਤੇ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 39 ਇੰਚ ਵਿਆਸ ਵਾਲੀ ਇਹ ਸੀਵਰੇਜ ਲਾਈਨ ਚੰਡੀਗੜ੍ਹ ਤੋਂ ਵਰਧਮਾਨ ਮਿੱਲ ਨਾਲ ਲੱਗਦੀ ਸੜਕ ਰਾਹੀਂ ਤਾਜਪੁਰ ਰੋਡ ਤੱਕ ਵਿਛਾਈ ਜਾ ਰਹੀ ਹੈ। ਕਰੀਬ 4 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਦੇ ਮੁਕੰਮਲ ਹੋਣ ਨਾਲ ਸੈਕਟਰ 32 ਏ, ਸੈਕਟਰ 33 ਅਤੇ ਸੈਕਟਰ 39, ਸੰਜੇ ਗਾਂਧੀ ਕਾਲੋਨੀ ਸਮੇਤ ਕਈ ਇਲਾਕਿਆਂ ਦੇ ਵਸਨੀਕਾਂ ਨੂੰ ਜਲ ਭਰਾਅ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸੀਵਰੇਜ ਲਾਈਨ ਕੇਂਦਰੀ ਜੇਲ੍ਹ ਨੇੜੇ ਸਥਿਤ ਪੁਲਿਸ ਚੌਂਕੀ ਤੱਕ ਵਿਛਾਈ ਜਾ ਰਹੀ ਹੈ, ਜਿੱਥੋਂ ਗੰਦਾ ਪਾਣੀ ਸਿੱਧਾ ਜਮਾਲਪੁਰ ਸਥਿਤ ਸੀਵਰੇਜ ਸੋਧ ਕੇਂਦਰ ਤੱਕ ਪਹੁੰਚੇਗਾ। ਅਧਿਕਾਰੀਆਂ ਅਨੁਸਾਰ ਇਸ ਵੇਲੇ ਉਕਤ ਇਲਾਕਿਆਂ ਦਾ ਗੰਦਾ ਪਾਣੀ ਸਮਰਾਲਾ ਚੌਕ ਅਤੇ ਗਊਸ਼ਾਲਾ ਵਿਚਲੇ ਦਰਮਿਆਨੇ ਪੰਪਿੰਗ ਸਟੇਸ਼ਨ ਰਾਹੀਂ ਜਮਾਲਪੁਰ ਸੀਵਰੇਜ ਸੋਧ ਕੇਂਦਰ ਤੱਕ ਪਹੁੰਚਾਇਆ ਜਾਂਦਾ ਹੈ। ਨਵੀਂ ਲਾਈਨ ਵਿਛਣ ਨਾਲ ਗੰਦਾ ਪਾਣੀ ਘੱਟ ਸਮੇਂ ਵਿਚ ਸਿੱਧਾ ਕੇਂਦਰ ਤੱਕ ਪਹੁੰਚੇਗਾ, ਜਿਸ ਨਾਲ ਸਮਰਾਲਾ ਚੌਕ ਅਤੇ ਗਊਸ਼ਾਲਾ ਪੰਪਿੰਗ ਸਟੇਸ਼ਨ ’ਤੇ ਪੈਣ ਵਾਲਾ ਦਬਾਅ ਘਟੇਗਾ ਅਤੇ ਸਮੁੱਚਾ ਸੀਵਰੇਜ ਪ੍ਰਬੰਧ ਹੋਰ ਸੁਚਾਰੂ ਹੋਵੇਗਾ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਚੰਡੀਗੜ੍ਹ ਰੋਡ ਅਤੇ ਇਸ ਨਾਲ ਲਗਦੇ ਇਲਾਕਿਆਂ ਵਿਚ ਸੀਵਰੇਜ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜਲ ਭਰਾਅ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਕਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸੂਨ ਦੇ ਮੱਦੇਨਜ਼ਰ ਸੜਕਾਂ ਦੇ ਨਾਲ ਲੱਗੀਆਂ ਬਰਸਾਤੀ ਜਲ ਨਿਕਾਸੀ ਨਾਲੀਆਂ ਦੀ ਨਿਯਮਤ ਸਫ਼ਾਈ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਮੁੱਢਲੀਆਂ ਸਮੱਸਿਆਵਾਂ ਦਾ ਟਿਕਾਊ ਹੱਲ ਕਰਨ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਗਰ ਨਿਗਮ ਵਲੋਂ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਤਰਜੀਹ ਆਧਾਰ ’ਤੇ ਮੁਕੰਮਲ ਕੀਤਾ ਜਾ ਰਿਹਾ ਹੈ।