ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਪ੍ਰਵਾਸੀ ਭਾਰਤੀ ਖ਼ਿਲਾਫ਼ ਕੇਸ ਦਰਜ
ਅਜੀਤ ਡੈਸਕ
10-07-2026
ਲੁਧਿਆਣਾ, 9 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਪ੍ਰਵਾਸੀ ਭਾਰਤੀ ਨਾਲ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਜਸਵਿੰਦਰ ਕੁਮਾਰ ਪੁੱਤਰ ਤਾਰਾ ਚੰਦ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਨਾਲ ਉਸ ਦੀ ਦੋਸਤੀ ਫੇਸਬੁਕ ਰਾਹੀਂ ਹੋਈ ਸੀ। ਸਾਲ 2021 ਵਿਚ ਕਥਿਤ ਦੋਸ਼ੀ ਭਾਰਤ ਆਇਆ ਤੇ ਉਸ ਨੂੰ ਜਲੰਧਰ ਬਾਈਪਾਸ ਸਬਜ਼ੀ ਮੰਡੀ ਲੁਧਿਆਣਾ ਦੇ ਨੇੜੇ ਕਿਰਾਏ ਦੇ ਕਮਰੇ ਵਿਚ ਲੈ ਗਿਆ, ਜਿੱਥੇ ਕਿ ਉਸਨੇ ਉਸ ਨਾਲ ਜਬਰ ਜਨਾਹ ਕੀਤਾ। ਕਥਿਤ ਦੋਸ਼ੀ ਨੇ ਬਾਅਦ ਵਿਚ ਉਸ ਨੂੰ ਵਿਦੇਸ਼ ਆਪਣੇ ਪਾਸ ਬੁਲਾ ਲਿਆ ਅਤੇ ਉਥੇ ਵੀ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਬਾਅਦ ਵਿਚ ਕਥਿਤ ਦੋਸ਼ੀ ਵਿਆਹ ਕਰਵਾਉਣ ਤੋਂ ਮੁੱਕਰ ਗਿਆ, ਜਿਸ ‘ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ‘ਤੇ ਸ਼ਿਕਾਇਤਕਰਤਾ ਵਲੋਂ ਇਸ ਸਬੰਧੀ ਹਾਈਕੋਰਟ ਵਿਚ ਰਿੱਟ ਦਾਇਰ ਕਰ ਦਿੱਤੀ ਗਈ। ਹਾਈਕੋਰਟ ਦੇ ਹੁਕਮਾਂ ਤਹਿਤ ਪੁਲਿਸ ਵਲੋਂ ਹੁਣ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।