ਲੁਧਿਆਣਾ, 9 ਜੁਲਾਈ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਦੇ ਖ਼ਿਲਾਫ਼ 15 ਜੁਲਾਈ ਨੂੰ ਮੱਤੇਵਾੜਾ ਦਾਣਾ ਮੰਡੀ ਤੋਂ ਇਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ ਤੇ ਬਸਤੀ ਜੋਧੇਵਾਲ ਚੌਕ ਵਿਖੇ ਨੈਸ਼ਨਲ ਹਾਈਵੇ ਨੂੰ ਦੋ ਘੰਟੇ ਲਈ ਜਾਮ ਕੀਤਾ ਜਾਵੇਗਾ। ਇਹ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੁਰਾ ਭਾਰਤ ਬਰਬਾਦੀ ਦੇ ਕੰਢੇ ’ਤੇ ਹੈ, ਜਿੱਥੇ ਅੱਜ ਚਾਈਨਾ ਵਰਗੇ ਦੇਸ਼ ਵੀ ਸਾਡੇ ’ਤੇ ਕਬਜ਼ਾ ਕਰ ਰਹੇ ਹਨ, ਉਥੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਭਾਰਤ ਅਮਰੀਕਾ ਸਮਝੌਤੇ ਨਾਲ ਭਾਰਤ ਦਾ ਖੇਤੀ ਸੈਕਟਰ ਬਰਬਾਦ ਹੋ ਜਾਵੇਗਾ, ਜਿਸ ਨਾਲ ਕਿਸਾਨ ਮਜ਼ਦੂਰ ਤੇ ਵਪਾਰੀ ਵੀ ਬਰਬਾਦੀ ਦੇ ਕੰਢੇ ’ਤੇ ਚਲੇ ਜਾਣਗੇ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਵਿਚ ਸੋਧ ਕਰਕੇ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਨੀਅਤ ਨਾਲ ਲਾਗੂ ਕਰਨ ਲੱਗੀ ਹੈ, ਜਿਸ ਦਾ ਯੂਨੀਅਨ ਵਿਰੋਧ ਕਰਦੀ ਹੈ। ਮਨਰੇਗਾ ਸਕੀਮ ਜੋ 2005 ਤੋਂ ਚੱਲਦੀ ਸੀ, ਉਹੀ ਰੱਖੀ ਜਾਵੇ ਤੇ ਦਿਹਾੜੀ ਵਧਾ ਕੇ 700 ਰੁਪਏ ਕੀਤੀ ਜਾਵੇ। ਰਾਹੋਂ ਰੋਡ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਡੇ ਵੱਡੇ ਬੈਨਰ ਲੱਗੇ ਹਨ ਕਿ 45 ਹਜ਼ਾਰ ਕਿੱਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਤਾਂ ਫਿਰ ਇਹ ਰਾਹੋਂ ਰੋਡ ਪਾਕਿਸਤਾਨ ਵਿਚ ਹੈ ਜਾਂ 45 ਹਜ਼ਾਰ ਕਿੱਲੋਮੀਟਰ ਵਿਚ ਆਉਂਦਾ ਨਹੀਂ, ਜਿਸ ਲਈ ਅਸੀਂ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਾਂ। ਮੀਂਹ ਪੈਣ ਕਾਰਨ ਇੱਥੇ ਚਾਰ ਚਾਰ ਫੁੱਟ ਪਾਣੀ ਖੜ ਜਾਂਦਾ ਹੈ ਅਤੇ ਲੋਕਾਂ ਦਾ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ। ਜੋ ਮਹਾਂਨਗਰ ਦੀਆਂ ਸੜਕਾਂ ’ਤੇ ਰੇਹੜੀਆਂ ਫੜੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ, ਇਹਨਾਂ ਨੂੰ ਹਟਾਉਣ ਲਈ ਪਹਿਲਾਂ ਵੀ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਗਈ, ਪਰ ਕੋਈ ਅਸਰ ਨਹੀਂ ਹੋਇਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਰੇਹੜੀਆਂ ਫੜੀਆਂ ਹਟਾਈਆਂ ਜਾਣ ਤੇ ਜਿਹੜੀਆਂ ਦੁਕਾਨਾਂ ਦੇ ਅੱਗੇ ਰੇਹੜੀਆਂ ਲੱਗੀਆਂ ਹਨ, ਉਨ੍ਹਾਂ ਦੁਕਾਨਦਾਰਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ। ਇਸ ਮੀਟਿੰਗ ਦੌਰਾਨ ਹੋਰਾਂ ਤੋਂ ਇਲਾਵਾ ਨੇਕ ਸਿੰਘ ਸੇਖੇਵਾਲ, ਮਨਜੀਤ ਸਿੰਘ ਅਰੋੜਾ, ਭੋਲਾ ਸਿੰਘ, ਸੁਖਦੇਵ ਸਿੰਘ, ਗੁਰਮੁਖ ਸਿੰਘ, ਮਨੀ ਸਿੰਘ, ਕਸ਼ਮੀਰ ਸਿੰਘ ਆਦਿ ਅਹੁਦੇਦਾਰ ਹਾਜ਼ਰ ਸਨ।