ਆਲਮਗੀਰ, 9 ਜੁਲਾਈ (ਜਰਨੈਲ ਸਿੰਘ ਪੱਟੀ)-ਸੇਵਾ ਅਤੇ ਸਿਮਰਨ ਨੂੰ ਸਮਰਪਿਤ ਭਗਤ ਪ੍ਰਕਾਸ਼ ਆਸ਼ਰਮ ਪਿੰਡ ਨੱਤ ਲੁਧਿਆਣਾ ਵਿਖੇ ਬ੍ਰਹਮ ਗਿਆਨੀ ਭਗਤੀ ਅਤੇ ਸ਼ਕਤੀ ਦੇ ਸੁਮੇਲ ਸੰਤ ਭਗਤ ਪ੍ਰਕਾਸ਼ ਸਿੰਘ ਦੀ 46ਵੀਂ ਬਰਸੀ ਉਨ੍ਹਾਂ ਦੇ ਅਸਥਾਨ ਪਿੰਡ ਨੱਤ ਨੇੜੇ ਸਾਹਨੇਵਾਲ ਲੁਧਿਆਣਾ ਵਿਖੇ 14 ਜੁਲਾਈ ਨੂੰ ਸੰਤ ਬਾਬਾ ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਜੀਵਨਜੋਤ ਸਿੰਘ ਨੇ ਦੱਸਿਆ ਕਿ 12 ਜੁਲਾਈ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੁਲਾਈ ਦਿਨ ਮੰਗਲਵਾਰ ਨੂੰ ਭੋਗ ਪਾਏ ਜਾਣਗੇ। ਅੰਮ੍ਰਿਤ ਵੇਲੇ ਇਲਾਹੀ ਬਾਣੀ ਦਾ ਕੀਰਤਨ ਆਰੰਭ ਹੋਵੇਗਾ, ਜਿਸ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਗੁਰਵਿੰਦਰ ਸਿੰਘ ਵਿੰਝਲ ਵਾਲੇ ਕਰਨਗੇ। ਇਸ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਭਾਈ ਹਰਦੇਵ ਸਿੰਘ ਲੁਧਿਆਣਾ ਵਾਲੇ, ਭਾਈ ਜਗਤਾਰ ਸਿੰਘ, ਭਾਈ ਸਰੂਪ ਸਿੰਘ ਰੂਪ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ, ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ, ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ, ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਅਤੇ ਭਾਈ ਨਿਰਮਲ ਸਿੰਘ ਬਟਾਲਾ ਵਾਲੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਕਥਾ ਵਾਚਕ ਗਿਆਨੀ ਬਲਜੀਤ ਸਿੰਘ ਯੂ.ਐਸ.ਏ. ਮਹਾਂਵਾਕ ਦੀ ਵਿਆਖਿਆ ਕਰਨਗੇ। ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ ਦੇਸ਼, ਵਿਦੇਸ਼ ਦੀਆਂ ਸੰਗਤਾਂ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਬਰਸੀ ਸਮਾਗਮਾਂ ਵਿਚ ਪਹੁੰਚਦੀਆਂ ਹਨ। ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤੇਗਾ।