ਲੁਧਿਆਣਾ, 17 ਜੁਲਾਈ (ਜਤਿੰਦਰ ਭੰਬੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਜਾ ਰਹੇ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਉਰਫ਼ ਸੁਬੀ ਨੂੰ ਪੁਲਿਸ ਨੇ ਲਾਡੋਵਾਲ ਟੋਲ ਪਲਾਜ਼ਾ ਨੇੜਿਓ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਨੂੰ ਦੇਰ ਸ਼ਾਮ ਪੁਲਿਸ ਵਲੋਂ ਰਿਹਾਅ ਕਰ ਦਿੱਤਾ ਗਿਆ। ਸੂਬਾ ਪ੍ਰਧਾਨ ਸ਼ੁਭਮ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਹੈਪੀ ਲਾਲੀ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਆਗੂਆਂ ਨੇ ਪੰਜਾਬ ਦੇ ਨੌਜਵਾਨਾਂ ਦੀ ਆਵਾਜ ਨੂੰ ਦਬਾਉਣ ਲਈ ਪੁਲਿਸ ਬਲ ਦੀ ਦਮਨਕਾਰੀ ਵਰਤੋਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ। ਜ਼ਿਕਰਯੋਗ ਹੈ ਕਿ ਜਿੱਥੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ਼ੁਭਮ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ, ਉਥੇ ਹੀ ਜਲੰਧਰ ਅਰਬਨ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀਪਕ ਖੋਸਲਾ ਨੂੰ ਸਵੇਰੇ ਤੜਕੇ ਉਨ੍ਹਾਂ ਦੇ ਘਰਾਂ ਵਿਚ ਹੀ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਨਜਰਬੰਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਯੂਥ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੇ ਵਿਰੋਧ ਵਿਚ ਨੀਟ ਪ੍ਰੀਖਿਆ ਪੇਪਰ ਲੀਕ ਘੋਟਾਲੇ ਅਤੇ ਪੰਜਾਬ ਵਿਚ ਭਰਤੀ ਘੋਟਾਲਿਆਂ ਦੇ ਵਿਰੋਧ ਵਿਚ ਕਾਲੇ ਝੰਡਿਆਂ ਨਾਲ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਨ੍ਹਾਂ ਨੇ ਦੇਸ਼ ਅਤੇ ਸੂਬੇ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਯੂਥ ਕਾਂਗਰਸ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਅਗਵਾਈ ਕਰਨ ਜਾ ਰਹੇ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਦੇ ਕਾਫਲੇ ਨੂੰ ਲਾਡੋਵਾਲ ਟੋਲ ਪਲਾਜਾ ‘ਤੇ ਪੰਜਾਬ ਪੁਲਿਸ ਨੇ ਰੋਕ ਲਿਆ। ਯੂਥ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਪੁਲਿਸ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਯੂਥ ਪ੍ਰਧਾਨ ਸ਼ਰਮਾ ਨਾਲ ਧੱਕਾ-ਮੁੱਕੀ ਕੀਤੀ ਅਤੇ ਕਥਿਤ ਤੌਰ ‘ਤੇ ਧਮਕੀਆਂ ਦਿੱਤੀਆਂ। ਇਸ ਸਬੰਧੀ ਗ੍ਰਿਫਤਾਰੀ ਤੋਂ ਬਾਅਦ ਜਾਰੀ ਆਪਣੇ ਬਿਆਨ ਵਿਚ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਸੁਬੀ ਨੇ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਵਿਚ ਬਰਾਬਰ ਦੀ ਭਾਗੀਦਾਰ ਹਨ। ਦੇਸ਼-ਪੱਧਰੀ ਨੀਟ ਪੇਪਰ ਲੀਕ ਘੋਟਾਲੇ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਹੇਠ ਪ੍ਰੀਖਿਆ ਪ੍ਰਣਾਲੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ, ਜਦਕਿ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਅਤੇ ਪੁਲਿਸ ਰਾਹੀਂ ਮੋਦੀ ਨੂੰ ਜਵਾਬਦੇਹੀ ਤੋਂ ਬਚਾ ਰਹੀ ਹੈ। ਉਹ ਸਾਨੂੰ ਜੇਲ੍ਹ ਵਿਚ ਸੁੱਟ ਸਕਦੇ ਹਨ, ਲਾਡੋਵਾਲ ਟੋਲ ਪਲਾਜਾ ‘ਤੇ ਗੋਲੀ ਮਾਰਨ ਦੀ ਧਮਕੀ ਦੇ ਸਕਦੇ ਹਨ, ਪਰ ਉਹ ਉਨ੍ਹਾਂ ਵਿਦਿਆਰਥੀਆਂ ਦੇ ਗੁੱਸੇ ਨੂੰ ਖਤਮ ਨਹੀਂ ਕਰ ਸਕਦੇ ਜਿਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਜਾ ਰਹੇ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
ਅਜੀਤ ਡੈਸਕ
18-07-2026