ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਠੋਸ ਕੂੜਾ ਪ੍ਰਬੰਧਨ ਨੂੰ ਆਧੁਨਿਕ ਬਣਾਉਣ ਲਈ ਤਿਆਰ ਕੀਤਾ ਗਿਆ 1408 ਕਰੋੜ ਰੁਪਏ ਦਾ ਪ੍ਰੋਜੈਕਟ ਟੈਂਡਰ ਪ੍ਰਕਿਰਿਆ ਸਫਲ ਨਾ ਹੋਣ ਕਾਰਨ ਨਗਰ ਨਿਗਮ ਦੇ ਪੱਧਰ ’ਤੇ ਅੱਗੇ ਨਹੀਂ ਵੱਧ ਸਕਿਆ। ਜਾਣਕਾਰੀ ਅਨੁਸਾਰ ਦੋ ਵਾਰ ਟੈਂਡਰ ਜਾਰੀ ਕਰਨ ਦੇ ਬਾਵਜੂਦ ਕੋਈ ਯੋਗ ਬੋਲੀਕਾਰ ਸਾਹਮਣੇ ਨਾ ਆਉਣ ਕਾਰਨ ਇਸ ਪ੍ਰੋਜੈਕਟ ਸਬੰਧੀ ਅਗਲੀ ਕਾਰਵਾਈ ਸੂਬਾ ਸਰਕਾਰ ਦੇ ਪੱਧਰ ’ਤੇ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਸਰਕਾਰ ਵਲੋਂ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਵੱਖ-ਵੱਖ ਬੱਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਦਕਿ ਇਸ ਸਬੰਧੀ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਜਾਂ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਸ਼ਹਿਰ ਵਿਚ ਕਰੀਬ 1100 ਮੀਟ੍ਰਿਕ ਟਨ ਕੂੜਾ ਨਿਕਲਦਾ ਹੈ। ਡੋਰ ਟੂ ਡੋਰ ਕੂੜਾ ਇਕੱਠਾ ਕਰਨ ਅਤੇ ਉਸ ਦੀ ਵਿਗਿਆਨਕ ਢੰਗ ਨਾਲ ਸੰਭਾਲ ਲਈ ਲੰਬੇ ਸਮੇਂ ਤੋਂ ਸਥਾਈ ਪ੍ਰਬੰਧ ਦੀ ਉਡੀਕ ਕੀਤੀ ਜਾ ਰਹੀ ਹੈ। ਜੇਕਰ ਪ੍ਰੋਜੈਕਟ ਹੋਰ ਦੇਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਇਸ ਦਾ ਅਸਰ ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਆਗਾਮੀ ਸਵੱਛ ਸਰਵੇਖਣ ਦੇ ਨਤੀਜਿਆਂ ’ਤੇ ਵੀ ਪੈ ਸਕਦਾ ਹੈ। ਇਸੇ ਦੌਰਾਨ 70 ਕਰੋੜ ਰੁਪਏ ਦੇ ਅੰਦਰੂਨੀ ਸੜਕਾਂ ਦੀ ਮਸ਼ੀਨੀ ਸਫ਼ਾਈ ਪ੍ਰੋਜੈਕਟ ਲਈ ਵੀ ਟੈਂਡਰ ਪ੍ਰਕਿਰਿਆ ਮੁੜ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ, ਦੂਜੇ ਪਾਸੇ 81 ਕਰੋੜ ਰੁਪਏ ਦੇ ਮੁੱਖ ਸੜਕਾਂ ਦੀ ਸਫ਼ਾਈ ਪ੍ਰੋਜੈਕਟ ਦੀ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਜਦਕਿ 4.12 ਕਰੋੜ ਰੁਪਏ ਦੀ ਲਾਗਤ ਨਾਲ 6 ਲੀਟਰ ਪਿਕਿੰਗ ਮਸ਼ੀਨਾਂ ਦੀ ਖ਼ਰੀਦ ਪ੍ਰਕਿਰਿਆ ਵੀ ਅੰਤਿਮ ਪੜਾਅ ਵਿਚ ਹੈ। ਸ਼ਹਿਰ ਦੇ ਸਭ ਤੋਂ ਵੱਡੇ ਸਫ਼ਾਈ ਪ੍ਰੋਜੈਕਟ ਦੇ ਅਟਕਣ ਨਾਲ ਇਹ ਸਵਾਲ ਜ਼ਰੂਰ ਖੜ੍ਹਾ ਹੋ ਗਿਆ ਹੈ ਕਿ ਮਹਾਂਨਗਰ ਨੂੰ ਆਧੁਨਿਕ ਕੂੜਾ ਪ੍ਰਬੰਧਨ ਪ੍ਰਣਾਲੀ ਕਦੋਂ ਮਿਲੇਗੀ ਅਤੇ ਸਫ਼ਾਈ ਨਾਲ ਜੁੜੀਆਂ ਯੋਜਨਾਵਾਂ ਜ਼ਮੀਨੀ ਪੱਧਰ ’ਤੇ ਕਦੋਂ ਨਜ਼ਰ ਆਉਣਗੀਆਂ।
1408 ਕਰੋੜ ਦਾ ਸਫ਼ਾਈ ਪ੍ਰੋਜੈਕਟ ਨਿਗਮ ਦੇ ਹੱਥੋਂ ਨਿਕਲਿਆ
ਅਜੀਤ ਡੈਸਕ
18-07-2026