ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਨਵਚੇਤਨਾ ਬਾਲ ਭਲਾਈ ਕਮੇਟੀ ਅਤੇ ਡੀ.ਐੱਮ.ਸੀ. ਵਲੋਂ ਸਾਂਝੇ ਤੌਰ ਤੇ ‘ਏਕ ਘਰ, ਏਕ ਪੇੜ’ ਮੁਹਿੰਮ ਤਹਿਤ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਬੂਟੇ ਵੰਡੇ ਗਏ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ । ਸੇਖੋਂ ਨੇ ਦੱਸਿਆ ਕਿ ਨਵਚੇਤਨਾ ਨਾਲ ਸਾਂਝੇ ਤੌਰ ‘ਤੇ ਡੀ.ਐੱਮ.ਸੀ. ਵਲੋਂ ਡਾ. ਬਿੰਪਨ ਗੁਪਤਾ (ਸਕੱਤਰ ਮੈਨੇਜਿੰਗ ਸੋਸਾਇਟੀ) ਅਤੇ ਡਾ. ਵੀਨੂ ਗੁਪਤਾ (ਮਾਈਕਰੋਬਾਇਲੋਜੀ) ਦੀ ਅਗਵਾਈ ਹੇਠ ‘ਏਕ ਪੇੜ, ਏਕ ਘਰ’ ਹੇਠ 500 ਤੋਂ ਵੱਧ ਬੂਟੇ ਵੰਡੇ ਗਏ । ਸੇਖੋਂ ਅਤੇ ਡਾ. ਵੀਨੂ ਗੁਪਤਾ ਨੇ ਦੱਸਿਆ ਕਿ ਵਾਤਾਵਰਣ ਨੂੰ ਬਚਾਉਣ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਅਤੇ ਸਾਫ਼ ਹਵਾ ਮੁਹੱਈਆ ਕਰਵਾਉਣ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਵਾਤਾਵਰਣ ਨਾਲ ਜੋੜੀਏ ਅਤੇ ਵਾਤਾਵਰਨ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਸੇਖੋਂ ਨੇ ਦੱਸਿਆ ਕਿ ‘ਏਕ ਘਰ, ਏਕ ਪੇੜ’ ਮੁਹਿੰਮ ਵਿਚ ਖਾਸ ਤੌਰ ‘ਤੇ ਨਵਚੇਤਨਾ ਵੂਮਨ ਫਰੰਟ ਦੇ ਜਨਰਲ ਸਕੱਤਰ ਰਮਨ ਚੰਡੋਕ, ਨਵਚੇਤਨਾ ਉਡਾਣ-2026 ਦੇ ਕੋਆਰਡੀਨੇਟਰ ਮਨਦੀਪ ਕੌਰ ਖੱਟੜਾ, ਉਤਮਪ੍ਰੀਤ ਸਿੰਘ ਅਤੇ ਰਚਿਤਾ ਚੰਡੋਕ ਖਾਸ ਤੌਰ ‘ਤੇ ਪਹੁੰਚੇ ਅਤੇ ਇਸ ਮੁਹਿੰਮ ਦਾ ਹਿੱਸਾ ਬਣੇ। ਇਸ ਮੌਕੇ ਡਾਇਰੈਕਟਰ ਗੁਰਮੰਤ ਕੌਰ ਗਿੱਲ ਅਤੇ ਕਾਰਜਕਾਰੀ ਪ੍ਰਿੰਸੀਪਲ ਗੁਰਜੀਤ ਕੌਰ ਨੇ ਦੱਸਿਆ ਕਿ ਨਵਚੇਤਨਾ ਅਤੇ ਡੀਐਮਸੀ ਹਸਪਤਾਲ ਵਲੋਂ ‘ਏਕ ਘਰ ਏਕ ਪੇੜ’ ਮੁਹਿੰਮ ਤਹਿਤ ਸਕੂਲ ਵਿਚ ਫ਼ਲਦਾਰ ਅਤੇ ਛਾਂਦਾਰ ਅਤੇ 500 ਤੋਂ ਵੱਧ ਮਾਤਾ ਪਿਤਾ ਅਤੇ ਬੱਚਿਆਂ ਨੂੰ ਪੌਦੇ ਵੰਡ ਕੇ ਰੁੱਖ ਲਗਾਉਣ ਅਤੇ ਰੁੱਖ਼ ਬਚਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਈਕੋ ਕਲੱਬ ਦੇ ਵਿਦਿਆਰਥੀਆਂ ਦੀ ਟੀਮ ਖਾਸ ਤੌਰ ‘ਤੇ ਹਾਜ਼ਰ ਰਹੀ । ਇਸ ਮੌਕੇ ਡਾ. ਵੀਨੂ ਗੁਪਤਾ ਅਤੇ ਇਸ਼ਾਨੀ ਦੀਵਾਨ ਦੁਆਰਾ ਦੱਸਿਆ ਗਿਆ ਕਿ ਹਸਪਤਾਲ ਵਲੋਂ 10 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਨਵਚੇਤਨਾ ਵਲੋਂ ਇਸ ਟੀਚੇ ਨੂੰ ਪੂਰਾ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੋਵੇਂ ਸੰਸਥਾਵਾਂ ਦੁਆਰਾ ਭਵਿੱਖ ਵਿਚ ਹੋਰ ਪੌਦੇ ਲਗਾਕੇ ਸੰਭਾਲਣ ਦੀ ਜ਼ਿੰਮੇਵਾਰੀ ਲਈ ਗਈ।