ਡਾਬਾ/ਲੁਹਾਰਾ, 22 ਜੁਲਾਈ (ਕੁਲਵੰਤ ਸਿੰਘ ਸੱਪਲ)-ਭਾਰਤ ਸਰਕਾਰ ਦੇ ਕੇਂਦਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨਾਲ ਲੁਧਿਆਣਾ ਤੋਂ ਭਾਜਪਾ ਆਗੂਆਂ ਦੇ ਵਫ਼ਦ ਨੇ ਬੀ.ਸੀ. ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ ਮੁਲਾਕਾਤ ਕੀਤੀ। ਉਸ ਮੌਕੇ ਭਾਜਪਾ ਪੂਰਵਾਂਚਲ ਸੈੱਲ ਪੰਜਾਬ ਦੇ ਪ੍ਰਧਾਨ ਅਤੇ ਕੌਂਸਲਰ ਰਾਜੇਸ਼ ਮਿਸ਼ਰਾ, ਜ਼ਿਲ੍ਹਾ ਭਾਜਪਾ ਐਸ.ਸੀ. ਮੋਰਚੇ ਦੇ ਮੀਤ ਪ੍ਰਧਾਨ ਅਤੇ ਕੌਂਸਲਰ ਕੁਲਵੰਤ ਸਿੰਘ ਕਾਂਤੀ ਵੀ ਨਾਲ ਸਨ। ਇਸ ਮੁਲਾਕਾਤ ਦੌਰਾਨ ਆਗੂਆਂ ਨੇ ਪੰਜਾਬ ਵਿਚ ਭਾਜਪਾ ਦੀ ਮਜ਼ਬੂਤੀ ਨੂੰ ਲੈਕੇ ਜਿੱਥੇ ਅਹਿਮ ਵਿਚਾਰਾਂ ਹੋਈਆਂ, ਉਥੇ ਸੂਬੇ ਦੀ ਸਰਕਾਰ ਵਲੋਂ ਨਗਰ ਨਿਗਮ ਲੁਧਿਆਣਾ ਵਿਚ ਵਿਰੋਧੀ ਧਿਰ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਕਿਹਾ ਹਰੇਕ ਨਾਗਰਿਕ ਨੂੰ ਨਿਯਮਾਂ ਅਤੇ ਕਾਨੂੰਨ ਅਨੁਸਾਰ ਆਪਣੇ ਅਧਿਕਾਰਾਂ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਸਫ਼ਾਈ ਕਰਮਚਾਰੀਆਂ ਦੇ ਮਸਲੇ ‘ਤੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਸਫ਼ਾਈ ਕਰਮਚਾਰੀਆਂ ਲਈ ਸਾਰਥਕ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਂਦੇ ਹਨ। ਕਿਸੇ ਵੀ ਕਰਮਚਾਰੀ ਨੂੰ ਕੋਈ ਸਮੱਸਿਆ ਨਾ ਹੋਵੇ, ਇਸ ਲਈ ਕਮਿਸ਼ਨ ਲਗਾਤਾਰ ਉਪਰਾਲੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜਨਹਿਤ ਨਾਲ ਸਬੰਧਿਤ ਹਰੇਕ ਮੁੱਦੇ ‘ਤੇ ਉਹ ਸਪਸ਼ਟ ਹਨ। ਜਨਹਿਤ ਵਿਚ ਹਰੇਕ ਦੇ ਹੱਕਾਂ ਦੀ ਰਾਖੀ ਲਈ ਲਾਮਬੰਦ ਰਹਿਣਾ ਅਤੇ ਇਸ ਲਈ ਕੰਮ ਕਰਨਾ ਲਗਾਤਾਰ ਜਾਰੀ ਰਹੇਗਾ। ਮੁਲਾਕਾਤ ਦੌਰਾਨ ਲੁਧਿਆਣਾ ਨਗਰ ਨਿਗਮ ਵਿਚ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਅਤੇ ਸਫ਼ਾਈ ਕਰਮਚਾਰੀਆਂ ਨਾਲ ਜੁੜੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਮੱਸਿਆਵਾਂ ਦੇ ਜਲਦ ਅਤੇ ਪ੍ਰਭਾਵਸ਼ਾਲੀ ਹੱਲ ਲਈ ਲੋੜੀਂਦੇ ਕਦਮ ਚੁੱਕਣ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਉਨ੍ਹਾਂ ਕਿਹਾ ਕਿ ਜਨਹਿਤ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਲਈ ਸਾਡੀ ਵਚਨਬੱਧਤਾ ਹਮੇਸ਼ਾ ਦੀ ਤਰ੍ਹਾਂ ਜਾਰੀ ਰਹੇਗੀ।