ਲੁਧਿਆਣਾ, 22 ਜੁਲਾਈ (ਜਸਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ, ਗੁੱਜਰਖਾਨ ਕੈਂਪਸ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਦੇ ਯੂਥ ਵੈੱਲਫੇਅਰ ਵਿਭਾਗ ਵਲੋਂ ‘ਸੱਤ-ਰੋਜ਼ਾ ਯੂਥ ਲੀਡਰਸ਼ਿਪ ਕੈਂਪ 2026’ ਵਿਚ ਸੰਸਥਾ ਦਾ ਮਾਣ ਵਧਾਇਆ। ਤਮੰਨਾ, ਬੀ.ਏ. ਭਾਗ-3 (23277) ਨੇ ‘ਖ਼ਬਰ ਅਤੇ ਰਿਪੋਰਟ ਲਿਖਣ’ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸ਼ਾਲਿਨੀ ਕੁਮਾਰੀ, ਐਮ.ਕਾਮ. ਭਾਗ-2 (242444) ਅਤੇ ਲਕਸ਼ਿਤਾ, ਬੀ. ਕਾਮ. ਭਾਗ-1 (251086) ਨੂੰ ਕੈਂਪ ਦੌਰਾਨ ਉਨ੍ਹਾਂ ਦੀ ਸ਼ਾਨਦਾਰ ਲਗਨ ਅਤੇ ਸਮਰਪਣ ਲਈ ਬੈਸਟ ਵਲੰਟੀਅਰ (ਸਰਵੋਤਮ ਵਲੰਟੀਅਰ) ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਇਕ ਹਫ਼ਤੇ ਤੱਕ ਚੱਲੇ ਇਸ ਰਿਹਾਇਸ਼ੀ ਪ੍ਰੋਗਰਾਮ ਵਿਚ ਲੀਡਰਸ਼ਿਪ, ਸ਼ਖ਼ਸੀਅਤ ਉਸਾਰੀ, ਸੰਚਾਰ ਹੁਨਰ, ਯੋਗਾ, ਸਭਿਆਚਾਰਕ ਗਤੀਵਿਧੀਆਂ, ਵਿੱਦਿਅਕ ਦੌਰਿਆਂ ਅਤੇ ਮਾਹਿਰਾਂ ਦੇ ਸੈਸ਼ਨਾਂ ਰਾਹੀਂ ਸਰਵਪੱਖੀ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਾਲਜ ਦਾ ਮਾਣ ਵਧਾਉਣ ਵਾਲੀਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।