01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ‘ਖੇਤੀ ਸੰਕਟ’ ਬਾਰੇ ਸਰਬਪੱਖੀ ਪੁਸਤਕ ਪ੍ਰੋ. ਗਿੱਲ, ਬਾਵਾ ਤੇ ਬਰਗਾੜੀ ਵਲੋਂ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 01-08-2026

ਲੁਧਿਆਣਾ, 31 ਜੁਲਾਈ (ਡਾ. ਤਰਲੋਚਨ ਸਿੰਘ)-ਸ਼ਹੀਦ ਊਧਮ ਸਿੰਘ ਦੀ 87ਵੀਂ ਬਰਸੀ ਮੌਕੇ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਵਲੋਂ ਡਾ. ਸਟਾਲਿਨਜੀਤ ਸਿੰਘ ਬਰਾੜ ਵਲੋਂ ਸੰਪਾਦਿਤ ਪੁਸਤਕ ‘ਖੇਤੀ ਸੰਕਟ’ ਪ੍ਰੋ. ਗੁਰਭਜਨ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕੇ.ਕੇ. ਬਾਵਾ ਤੇ ਪੀਪਲਜ਼ ਫੋਰਮ ਬਰਗਾੜੀ ਦੇ ਸੰਚਾਲਕ ਖੁਸ਼ਵੰਤ ਬਰਗਾੜੀ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪ੍ਰੋ. ਗਿੱਲ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਗਦਰ ਲਹਿਰ ਦਾ ਉਹ ਸੂਰਮਾ ਸੀ, ਜਿਸ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੇ ਪਦ ਚਿੰਨ੍ਹਾਂ ’ਤੇ ਚੱਲਦਿਆਂ ਪੂਰੀ ਦੁਨੀਆ ਵਿਚ ਇਨਕਲਾਬੀ ਸਰਗਰਮੀਆਂ ਕੀਤੀਆਂ ਅਤੇ ਕੈਕਸਟਨ ਹਾਲ ਲੰਡਨ ਵਿਚ ਸ਼ੇਖੀਆਂ ਮਾਰਦੇ ਸਰ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਕੌਮੀ ਅਪਮਾਨ ਦਾ ਬਦਲਾ ਲਿਆ। ਪ੍ਰੋ. ਗਿੱਲ ਨੇ ਕਿਹਾ ਕਿ ਖੇਤੀ ਸੰਕਟ ਬਾਰੇ ਅੱਜ ਦੇ ਦਿਨ ਇਸ ਪੁਸਤਕ ਦਾ ਲੋਕ ਅਰਪਣ ਕਰਨਾ ਵੀ ਸੂਰਮੇ ਸ਼ਹੀਦ ਨੂੰ ਸ਼ਰਧਾਂਜਲੀਆਂ ਦੇਣਾ ਹੈ। ਇਸ ਕਿਤਾਬ ਦਾ ਮੁੱਖ ਬੰਧ ਪਦਮ ਵਿਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਅਤੇ ਪ੍ਰੋ. ਗੁਰਭਜਨ ਗਿੱਲ ਨੇ ਲਿਖਿਆ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਬੀਜ, ਖਾਦ, ਨਦੀਨ ਨਾਸ਼ਕ, ਕੀਟ ਨਾਸ਼ਕ, ਬਿਮਾਰੀ ਨਾਸ਼ਕ ਜ਼ਹਿਰਾਂ ਬਾਰੇ ਸਹੀ ਤਕਨੀਕੀ ਗਿਆਨ ਦੇਣ ਵਾਲੇ ਸਰਕਾਰੀ ਕੇਂਦਰਾਂ ਦੀ ਥਾਂ ਖੇਤੀ ਸਾਧਨ ਮੁਹੱਈਆ ਕਰਵਾਉਣ ਵਾਲੇ ਜ਼ਿੰਮੇਵਾਰ ਦੁਕਾਨਦਾਰਾਂ ਨੂੰ ਗਿਆਨ ਵਿਗਿਆਨ ਕੇਂਦਰ ਵਜੋਂ ਵਿਕਸਤ ਕਰਨਾ ਪਵੇਗਾ। ਉਨ੍ਹਾਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਬਾਗਬਾਨੀ ਨਾਲ ਸੰਬੰਧਿਤ ਵਿਭਾਗਾਂ ਅਤੇ ਅਦਾਰਿਆਂ ਨਾਲ ਇਲੈੱਕਟ੍ਰਾਨਿਕ ਤਾਲਮੇਲ ਲਾਜ਼ਮੀ ਬਣਾਉਣਾ ਪਵੇਗਾ ਤਾਂ ਜੋ ਜਿਹੜੀ ਗੱਲ ਦੀ ਸਮਝ ਕਿਸਾਨ ਨੂੰ ਨਾ ਆਵੇ, ਦੁਕਾਨਦਾਰ ਵੀ ਸਪਸ਼ਟ ਨਾ ਹੋਵੇ ਤਾਂ ਉਹ ਸਹੀ ਜਾਣਕਾਰੀ ਟਕਸਾਲੀ ਅਦਾਰਿਆਂ ਤੋਂ ਲੈ ਕੇ ਵੰਡ ਸਕੇ। ਕੇ.ਕੇ. ਬਾਵਾ ਨੇ ਕਿਹਾ ਕਿ ਸਭ ਤੋਂ ਵੱਡਾ ਸੰਕਟ ਕਿਰਤ ਸਭਿਆਚਾਰ ਤੋਂ ਕਿਸਾਨ ਵੀਰਾਂ ਦਾ ਦੂਰ ਹੋਣਾ ਵੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੰਪੂਰਨ ਪੁਣ-ਛਾਣ ਉਪਰੰਤ ਪ੍ਰਕਾਸ਼ਿਤ ਕੀਤਾ ਜਾਂਦਾ ਮਾਸਕ ਪੱਤਰ ‘ਚੰਗੀ ਖੇਤੀ’, ‘ਹਾੜੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫ਼ਾਰਸ਼ਾਂ’ ਨੂੰ ਹਰ ਕਿਸਾਨ ਪਰਿਵਾਰ ਤੱਕ ਪਹੁੰਚਾਉਣ ਲਈ ਇਕਮੁੱਠ ਹੋਣ ਦੀ ਲੋੜ ਹੈ। ਖੁਸ਼ਵੰਤ ਬਰਗਾੜੀ ਨੇ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਖੇਤਾਂ ਵਿਚ ਸਾੜਨ ਨਾਲ ਪੈਦਾ ਹੁੰਦਾ ਜ਼ਹਿਰੀਲਾ ਧੂੰਆਂ ਹਵਾ ਦੀ ਨਮੀ ਵਿਚ ਘੁਲ ਜਾਂਦਾ ਹੈ ਤੇ ਉਹ ਸੜਕਾਂ ਉਪਰ ਚੱਲਦੀ ਆਵਾਜਾਈ ਲਈ ਹਾਦਸਿਆਂ ਦਾ ਕਾਰਨ ਬਣਦਾ ਹੈ। ਡਾ. ਸਟਾਲਿਨਜੀਤ ਸਿੰਘ ਬਰਾੜ ਨੇ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਬਦਲਵੇਂ ਪ੍ਰਬੰਧ ਕਰ ਰਹੇ ਕਿਸਾਨ ਗਰੁੱਪਾਂ ਦੇ ਤਜਰਬਿਆਂ ’ਤੇ ਆਧਾਰਿਤ ਲੇਖ, ‘ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ’ ਜਲਾਲਦੀਵਾਲ ਵਲੋਂ ਰਾਏਕੋਟ ਖਿੱਤੇ ਦੇ ਪਿੰਡਾਂ ਵਿਚ ਹਜ਼ਾਰਾਂ ਏਕੜ ਝੋਨੇ ਦੀ ਸਿੱਧੀ ਬਿਜਾਈ ਅਤੇ ਪਰਾਲੀ ਨਾ ਸਾੜਨ ਉਪਰੰਤ ਕਣਕ ਦੀ ਹੈਪੀ ਸੀਡਰ, ਸੁਪਰ ਸੀਡਰ ਅਤੇ ਹੋਰ ਮਸ਼ੀਨਾਂ ਨਾਲ ਬਿਜਾਈ ਨਾਲ ਤਜਰਬੇ ਵੀ ਇਸ ਪੁਸਤਕ ਵਿਚ ਸਾਂਝੇ ਕੀਤੇ ਹਨ। ਖੇਤੀਬਾੜੀ ਅਰਥਚਾਰੇ ਨਾਲ ਸੰਬੰਧਿਤ ਮਾਹਿਰਾਂ ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਡਾ. ਗਿਆਨ ਸਿੰਘ, ਡਾ. ਸੁਖਪਾਲ ਸਿੰਘ, ਸ.ਸ. ਛੀਨਾ, ਡਾ. ਕੇਸਰ ਸਿੰਘ ਭੰਗੂ, ਦਵਿੰਦਰ ਸ਼ਰਮਾ, ਟੀ.ਕੇ. ਅਰੁਣ, ਕਾਹਨ ਸਿੰਘ ਪੰਨੂ ਦੀਆਂ ਲਿਖਤਾਂ ਸਾਡੇ ਲਈ ਰਾਹ ਦਸੇਰਾ ਬਣਦੀਆਂ ਹਨ। ਇਹ ਪੁਸਤਕ ਪੀਪਲਜ਼ ਫੋਰਮ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤੱਕ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ-ਐਡ. ਬਿਕਰਮ ਸਿੰਘ ਸਿੱਧੂ ਅਗਲੀ ਖ਼ਬਰ ਹੜਤਾਲ ਨੇ ਲੁਧਿਆਣਾ ਨੂੰ ਕੀਤਾ ਗੰਦਗੀ ਹਵਾਲੇ, ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਵੀ ਬੇਅਸਰ
Ad Position 24
No active advertisement