ਪੀ.ਏ.ਯੂ. ਕਿਸਾਨ ਕਲੱਬ ਦੇ ਕਿਸਾਨਾਂ ਨੇ ਵਾਈਸ ਚਾਂਸਲਰ ਦੇ ਕਾਰਜ ਵਾਧੇ ਲਈ ਸਰਕਾਰ ਨੂੰ ਅਪੀਲ ਕੀਤੀ
ਲੁਧਿਆਣਾ, 6 ਅਗਸਤ (ਜਸਵਿੰਦਰ ਸਿੰਘ)-ਪੀ. ਏ.
ਲੁਧਿਆਣਾ, 6 ਅਗਸਤ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਡਾਇਰੈਕੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਇਸ ਵਾਰ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਭਰਵੀਂ ਹਾਜ਼ਰੀ ਦੀ ਗਵਾਹ ਬਣੀ| 125 ਕਿਸਾਨ ਮੈਂਬਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲੈ ਕੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਨਾਲ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ| ਇਸ ਮੀਟਿੰਗ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਮੀਟਿੰਗ ਦੌਰਾਨ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਕਿਹਾ ਕਿ ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨ ਅਤੇ ਕਿਸਾਨੀ ਦੀ ਬਿਹਤਰੀ ਲਈ ਆਪਣੇ ਕਾਰਜਕਾਲ ਦੌਰਾਨ ਲਾਜਵਾਬ ਕਾਰਜ ਕੀਤਾ ਹੈ| ਉਨ੍ਹਾਂ ਦੀ ਅਗਵਾਈ ਵਿਚ ਯੂਨੀਵਰਸਿਟੀ ਲਗਾਤਾਰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ| ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ਦੇ ਇਕ ਹੋਰ ਕਾਰਜਕਾਲ ਵਾਧੇ ਲਈ ਸਰਕਾਰ ਨੂੰ ਅਪੀਲ ਕੀਤੀ| ਡਾ. ਗੋਸਲ ਨੇ ਆਪਣੇ ਭਾਸ਼ਣ ਵਿਚ ਕਲੱਬ ਨਾਲ ਜੁੜੇ ਕਿਸਾਨਾਂ ਨੂੰ ਪੀ.ਏ.ਯੂ. ਦੇ ਪਸਾਰ ਦੂਤ ਕਿਹਾ| ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੋਜੀਆਂ ਗਈਆਂ ਤਕਨਾਲੋਜੀਆਂ ਦੂਰ-ਦਰਾਜ ਦੇ ਕਿਸਾਨਾਂ ਤੱਕ ਪਹੁੰਚਾਉਣ ਅਤੇ ਆਪਣੇ ਖੇਤਾਂ ਵਿਚ ਉਨ੍ਹਾਂ ਦੀ ਪਰਖ ਕਰਨ ਲਈ ਕਲੱਬ ਦੇ ਮੈਂਬਰ ਸ਼ਲਾਘਾ ਦੇ ਹੱਕਦਾਰ ਹਨ| ਡਾ. ਗੋਸਲ ਨੇ ਖੇਤੀ ਨੂੰ ਕਾਰੋਬਾਰੀ ਲੀਹਾਂ ਤੇ ਤੋਰਨ ਲਈ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ| ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਗਏ ਕਿਸਾਨਾਂ ਨੇ ਵਿਦੇਸ਼ ਵਿਚ ਬਦਾਮਾਂ ਅਤੇ ਸੌਗੀ ਦੇ ਕਿੰਗ ਹੋਣ ਦਾ ਰੁਤਬਾ ਹਾਸਲ ਕੀਤਾ ਹੈ| ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਖੇਤੀ ਨੂੰ ਖੇਤੀ ਕਾਰੋਬਾਰ ਵਿਚ ਬਦਲ ਕੇ ਵਧੇਰੇ ਮੁਨਾਫਾ ਕਮਾਇਆ| ਪੰਜਾਬ ਦੇ ਕਿਸਾਨ ਨੂੰ ਵੀ ਅਜਿਹੇ ਤਰੀਕਿਆਂ ਨਾਲ ਖੇਤੀ ਨਾਲ ਜੁੜਨ ਦੀ ਲੋੜ ਹੈ|