ਸ਼੍ਰੋਮਣੀ ਅਕਾਲੀ ਦਲ (ਬ)- ਭਾਰਤੀ ਜਨਤਾ ਪਾਰਟੀ ਦੇ ਮੁੜ ਇਕੱਠੇ ਹੋਣ ਦੀ ਚਰਚਾ ਨੇ ਭਾਜਪਾ ਖੇਮੇ ’ਚ ਭਰੀ ਉਮੀਦ
ਲੁਧਿਆਣਾ, 10 ਅਗਸਤ (ਭੁਪਿੰਦਰ ਸਿੰਘ ਬੈਂਸ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਇਕੱਠੇ ਹੋਣ ਦੀਆਂ ਚਰਚਾਵਾਂ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨਾਲ ਹਾਲੀਆ ਮੁਲਾਕਾਤ, ਮਗਰੋਂ ਦੋਵਾਂ ਧਿਰਾਂ ਦੀ ਪੁਰਾਣੀ ਸਾਂਝ ਦੀ ਸੰਭਾਵਿਤ ਵਾਪਸੀ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਚਰਚਾ ਤੇਜ ਹੋਈ ਹੈ।
ਪ
ਪੰਜਾਬ ਦੇ ਵਿਕਾਸ ਤੇ ਮਜ਼ਬੂਤ ਸਰਕਾਰ ਲਈ ਸਮਝੌਤੇ ਨੂੰ ਦੱਸਿਆ ਜ਼ਰੂਰੀ
11-08-2026
ਲੁਧਿਆਣਾ, 10 ਅਗਸਤ (ਭੁਪਿੰਦਰ ਸਿੰਘ ਬੈਂਸ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਇਕੱਠੇ ਹੋਣ ਦੀਆਂ ਚਰਚਾਵਾਂ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨਾਲ ਹਾਲੀਆ ਮੁਲਾਕਾਤ, ਮਗਰੋਂ ਦੋਵਾਂ ਧਿਰਾਂ ਦੀ ਪੁਰਾਣੀ ਸਾਂਝ ਦੀ ਸੰਭਾਵਿਤ ਵਾਪਸੀ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਚਰਚਾ ਤੇਜ ਹੋਈ ਹੈ। ਭਾਵੇਂ ਦੋਵਾਂ ਪਾਰਟੀਆਂ ਵਲੋਂ ਅਜੇ ਤਕ ਕਿਸੇ ਨਵੇਂ ਚੋਣ ਸਮਝੌਤੇ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ, ਪਰ ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਅਨੁਸਾਰ ਪਾਰਟੀ ਦੇ ਕਈ ਆਗੂ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਕਾਰਕੁਨ ਸੰਭਾਵਿਤ ਸਾਂਝ ਨੂੰ ਲੈ ਕੇ ਆਸ਼ਾਵਾਦੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿਕਾਸ, ਸਨਅਤ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਦੋਵਾਂ ਧਿਰਾਂ ਦਾ ਸਾਂਝੇ ਮੰਚ ਤੇ ਆਉਣਾ ਲਾਹੇਵੰਦ ਹੋ ਸਕਦਾ ਹੈ। ਸੂਤਰਾਂ ਅਨੁਸਾਰ ਪਾਰਟੀ ਦੇ ਕੁੱਝ ਆਗੂਆਂ ਤੇ ਕਾਰਕੁਨਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲ ਦਲ (ਬ) ਦਾ ਪੰਜਾਬ ਵਿਚ ਪੁਰਾਣਾ ਜਥੇਬੰਦਕ ਆਧਾਰ ਹੈ ਅਤੇ ਭਾਜਪਾ ਦਾ ਦੇਸ਼ ਪੱਧਰੀ ਜਥੇਬੰਧਕ ਢਾਂਚਾ ਇਕੱਠੇ ਹੋਣ ਨਾਲ ਸੂਬੇ ਵਿਚ ਨਵਾਂ ਸਿਆਸੀ ਸਮੀਕਰਨ ਬਣ ਸਕਦਾ ਹੈ। ਪਾਰਟੀ ਸੂਤਰਾਂ ਅਨੁਸਾਰ ਜੇਕਰ ਅਕਾਲੀ ਦਲ (ਬ) ਅਤੇ ਭਾਜਪਾ ਵਿਚਕਾਰ ਚੋਣ ਸਮਝੌਤਾ ਹੁੰਦਾ ਹੈ ਤਾਂ 117 ਵਿਧਾਨ ਸਭਾ ਸੀਟਾਂ ਦੀ ਵੰਡ ਸਭ ਤੋ ਅਹਿਮ ਮਸਲਿਆਂ ਵਿਚੋਂ ਇਕ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਪੁਰਾਣੇ ਸਮਝੌਤੇ ਨੂੰ ਜਿਉਂ ਦਾ ਤਿਉਂ ਦੁਹਰਾਉਣ ਦੀ ਬਜਾਏ ਦੋਵਾਂ ਪਾਰਟੀਆਂ ਦੀ ਮੌਜੂਦਾ ਜਥੇਬੰਦਕ ਤਾਕਤ, ਜ਼ਮੀਨੀ ਪਕੜ ਅਤੇ ਚੋਣ ਸਮਰੱਥਾ ਨੂੰ ਧਿਆਨ ਵਿਚ ਰੱਖਦਿਆਂ ਨਵਾਂ ਅਨੁਪਾਤ ਤੈਅ ਕਰਨ ਬਾਰੇ ਵਿਚਾਰ ਹੋ ਸਕਦਾ ਹੈ। ਭਾਜਪਾ ਵਲੋਂ ਪੰਜਾਬ ਦੀਆਂ ਸਾਰੀਆਂ 117 ਸੀਟਾਂ ਲਈ ਜਥੇਬੰਦਕ ਤਿਆਰੀਆਂ ਜਾਰੀ ਰੱਖਣ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਸਿਆਸੀ ਹਲਕਿਆਂ ਵਿਚ ਸੰਭਾਵਿਤ ਸਮਝੌਤੇ ਨੂੰ ਲੈ ਕੇ ਸਿਰਫ਼ ਸੀਟਾਂ ਦੀ ਵੰਡ ਹੀ ਨਹੀਂ, ਸਗੋਂ ਸਰਕਾਰ ਬਣਨ ਦੀ ਸੂਰਤ ਵਿਚ ਸੱਤਾ ਵਿਚ ਹਿੱਸੇਦਾਰੀ ਨੂੰ ਲੈਕੇ ਵੀ ਚਰਚਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਆਗੂਆਂ-ਕਾਰਕੁਨਾਂ ‘ਚ ਵਧੀ ਉਮੀਦ ਭਾਜਪਾ ਨਾਲ ਜੁੜੇ ਸੂਤਰਾਂ ਅਨੁਸਾਰ ਸੰਭਾਵਿਤ ਅਕਾਲੀ-ਭਾਜਪਾ ਸਾਂਝ ਦੀ ਚਰਚਾ ਨਾਲ ਪਾਰਟੀ ਦੇ ਕਈ ਆਗੂਆਂ ਅਤੇ ਕਾਰਕੁਨਾਂ ਵਿਚ ਉਮੀਦ ਵਧੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੋਵਾਂ ਧਿਰਾਂ ਦੇ ਮੁੜ ਇਕੱਠੇ ਹੋਣ ਨਾਲ ਚੋਣ ਪੱਧਰ ਤੇ ਪੁਰਾਣੇ ਜਥੇਬੰਦਕ ਤਜਰਬੇ ਅਤੇ ਨਵੇਂ ਸਿਆਸੀ ਆਧਾਰ ਨੂੰ ਇਕੱਠਾ ਕਰਨ ਦਾ ਮੌਕਾ ਮਿਲ ਸਕਦਾ ਹੈ। ਹੁਣ 2027 ਦੀਆਂ ਚੋਣਾਂ ਤੋ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਨੇ ਪੁਰਾਣੇ ਸਿਆਸੀ ਰਿਸ਼ਤੇ ਨੂੰ ਮੁੜ ਚਰਚਾ ਵਿਚ ਲਿਆ ਦਿੱਤਾ ਹੈ। ਫ਼ਿਲਹਾਲ ਇਸ ਸਾਂਝ ਨੂੰ ਸੰਭਾਵਿਤ ਗੱਠਜੋੜ ਦੀ ਚਰਚਾ ਵਜੋਂ ਹੀ ਦੇਖਿਆ ਜਾ ਰਿਹਾ ਹੈ। ਅੰਤਿਮ ਤਸਵੀਰ ਸੀਟਾਂ ਦੇ ਵੰਡ, ਚੋਣ ਸਮਝੌਤੇ ਦੀਆਂ ਸ਼ਰਤਾਂ ਅਤੇ ਸੱਤਾ ਵਿਚ ਹਿੱਸੇਦਾਰੀ ਬਾਰੇ ਫ਼ੈਸਲੇ ਮਗਰੋਂ ਹੀ ਸਪਸ਼ਟ ਹੋਵੇਗੀ।