ਧਾਰਮਿਕ ਅਸਥਾਨ ਨੇੜੇ ਸ਼ਰਾਬ ਦਾ ਠੇਕਾ ਖੁੱਲ੍ਹਣ ’ਤੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ
ਲੁਧਿਆਣਾ, 20 ਅਗਸਤ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਦੀਪਕ ਸਿਨੇਮਾ ਨੇੜੇ ਏ. ਸੀ.
ਲੁਧਿਆਣਾ, 20 ਅਗਸਤ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਦੀਪਕ ਸਿਨੇਮਾ ਨੇੜੇ ਏ.ਸੀ. ਮਾਰਕੀਟ ਦੇ ਸਾਹਮਣੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕਾਂ ਵਲੋਂ ਠੇਕੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਠੇਕਾ ਖੋਲ੍ਹੇ ਜਾਣ ’ਤੇ ਇਤਰਾਜ਼ ਜਤਾਉਂਦਿਆਂ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸ਼ਰਾਬ ਦਾ ਇਹ ਠੇਕਾ ਖੋਲ੍ਹ ਦਿੱਤਾ ਗਿਆ ਹੈ, ਜਦਕਿ ਇਸ ਤੋਂ ਕੁੱਝ ਹੀ ਦੂਰੀ ’ਤੇ ਧਾਰਮਿਕ ਅਸਥਾਨ ਸਥਿਤ ਹੈ ਅਤੇ ਨੇੜੇ ਹੀ ਰਿਹਾਇਸ਼ੀ ਮੁਹੱਲਾ ਵੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਥਾਂ ’ਤੇ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ। ਲੋਕਾਂ ਨੇ ਮੰਗ ਕੀਤੀ ਕਿ ਸਬੰਧਿਤ ਵਿਭਾਗ ਵਲੋਂ ਠੇਕੇ ਦੀ ਥਾਂ ਅਤੇ ਧਾਰਮਿਕ ਅਸਥਾਨ ਵਿਚਕਾਰ ਦੂਰੀ ਸਮੇਤ ਸਾਰੇ ਸਬੰਧਿਤ ਨਿਯਮਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਠੇਕਾ ਨਿਯਮਾਂ ਅਨੁਸਾਰ ਨਹੀਂ ਪਾਇਆ ਜਾਂਦਾ ਤਾਂ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਸਪਸ਼ਟ ਕੀਤਾ ਕਿ ਉਹ ਇਲਾਕੇ ਵਿਚ ਸ਼ਰਾਬ ਦਾ ਠੇਕਾ ਚਲਾਉਣ ਦੇ ਹੱਕ ਵਿਚ ਨਹੀਂ ਹਨ ਅਤੇ ਆਪਣੀ ਮੰਗ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਕੋਲ ਵੀ ਮਾਮਲਾ ਚੁੱਕਣਗੇ, ਜਦਕਿ ਠੇਕਾ ਨਿਰਧਾਰਿਤ ਨਿਯਮਾਂ ਅਨੁਸਾਰ ਹੈ ਜਾਂ ਨਹੀਂ, ਇਸ ਬਾਰੇ ਫ਼ੈਸਲਾ ਸਬੰਧਿਤ ਸਰਕਾਰੀ ਵਿਭਾਗ ਵਲੋਂ ਜਾਂਚ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ।