ਲਾਪਰਵਾਹੀ ਕਾਰਨ ਰੋਜ਼ਾਨਾ ਲੱਖਾਂ ਲੀਟਰ ਪਾਣੀ ਹੋ ਰਿਹਾ ਹੈ ਬਰਬਾਦ
ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿਗ ਰਿਹਾ-ਘਰਾਂ ਤੋਂ ਖੇਤਾਂ ਤੱਕ ਪਾਣੀ ਦੀ ਬਰਬਾਦੀ ਰੋਕਣੀ ਜ਼ਰੂਰੀ
ਫੁੱਲਾਂਵਾਲ, 30 ਅਗਸਤ (ਮਨਜੀਤ ਸਿੰਘ ਦੁੱਗਰੀ)-ਪਾਣੀ ਦਾ ਕੋਈ ਬਦਲ ਨਹੀਂ ਪਰ ਇਸ ਦੀ ਬਰਬਾਦੀ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਮਾਹਿਰਾਂ ਵਲੋਂ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿਚ ਆਉਣ ਵਾਲੇ ਸਮੇਂ ਦੌਰਾਨ ਗੰਭੀਰ ਜਲ ਸੰਕਟ ਪੈਦਾ ਹੋਣ ਦੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ।
ਫੁੱਲਾਂਵਾਲ, 30 ਅਗਸਤ (ਮਨਜੀਤ ਸਿੰਘ ਦੁੱਗਰੀ)-ਪਾਣੀ ਦਾ ਕੋਈ ਬਦਲ ਨਹੀਂ ਪਰ ਇਸ ਦੀ ਬਰਬਾਦੀ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਮਾਹਿਰਾਂ ਵਲੋਂ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿਚ ਆਉਣ ਵਾਲੇ ਸਮੇਂ ਦੌਰਾਨ ਗੰਭੀਰ ਜਲ ਸੰਕਟ ਪੈਦਾ ਹੋਣ ਦੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਪਾਣੀ ਦੀ ਹਰ ਬੂੰਦ ਨੂੰ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਗਿਆ ਹੈ। ਇਕ ਰਿਪੋਰਟ ਅਨੁਸਾਰ ਇਕ ਮਨੁੱਖ ਰੋਜ਼ ਲਗਭਗ 45 ਲੀਟਰ ਪਾਣੀ ਜਾਣੇ-ਅਣਜਾਣੇ ਵਿਚ ਬਰਬਾਦ ਕਰ ਦਿੰਦਾ ਹੈ, ਜੋ ਕਿ ਰੋਜ਼ਾਨਾ ਵਰਤੇ ਜਾਣ ਵਾਲੇ ਪਾਣੀ ਦਾ ਕਰੀਬ 30 ਫ਼ੀਸਦੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ ਵਿਚ ਲਗਭਗ 16 ਕਰੋੜ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਉਪਲਬਧ ਨਹੀਂ ਹੈ, ਜਦਕਿ ਕਰੀਬ 60 ਕਰੋੜ ਲੋਕ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਹੇ ਹਨ। ਪਾਣੀ ਦੀ ਬਰਬਾਦੀ ਲਈ ਸਿਰਫ਼ ਖ਼ਰਾਬ ਸਪਲਾਈ ਪਾਈਪ ਲਾਈਨਾਂ ਅਤੇ ਸਮੇਂ ਸਿਰ ਮੁਰੰਮਤ ਨਾ ਹੋਣਾ ਹੀ ਜ਼ਿੰਮੇਵਾਰ ਨਹੀਂ ਹੈ, ਲੋਕਾਂ ਦੀ ਰੋਜ਼ਾਨਾ ਦੀ ਲਾਪਰਵਾਹੀ ਵੀ ਸਾਫ਼ ਪਾਣੀ ਦੀ ਵੱਡੀ ਮਾਤਰਾ ਨੂੰ ਨਾਲੀਆਂ ਵਿਚ ਵਹਾ ਰਹੀ ਹੈ। ਜਲ ਸੰਕਟ ਸਿਰਫ਼ ਸ਼ਹਿਰਾਂ ਤੱਕ ਸੀਮਤ ਨਹੀਂ ਹੈ। ਪੇਂਡੂ ਇਲਾਕਿਆਂ ਵਿਚ ਵੀ ਰਵਾਇਤੀ ਸਿੰਚਾਈ ਪ੍ਰਣਾਲੀਆਂ ਕਾਰਨ ਵੱਡੀ ਮਾਤਰਾ ਵਿਚ ਪਾਣੀ ਬਰਬਾਦ ਹੁੰਦਾ ਹੈ। ਖੇਤੀਬਾੜੀ ਖੇਤਰ ਵਿਚ ਆਧੁਨਿਕ ਅਤੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਨੂੰ ਅਪਣਾ ਕੇ ਇਸ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਪੀਣ ਵਾਲੇ ਪਾਣੀ ਲਈ ਵੀ ਅਨੇਕਾਂ ਇਲਾਕਿਆਂ ਵਿਚ ਡੂੰਘੇ ਬੋਰਵੈਲ ਲਗਾਏ ਜਾ ਰਹੇ ਹਨ, ਜਿਸ ਕਾਰਨ ਧਰਤੀ ਹੇਠਲੇ ਪਾਣੀ ‘ਤੇ ਦਬਾਅ ਹੋਰ ਵੱਧ ਰਿਹਾ ਹੈ। ਅਜਿਹੇ ਵਿਚ ਮੀਂਹ ਦੇ ਪਾਣੀ ਦੀ ਸੰਭਾਲ, ਹੈਂਡਪੰਪ ਅਤੇ ਟਿਊਬਵੈੱਲ ਦੀ ਸੰਤੁਲਿਤ ਵਰਤੋਂ ਦੇ ਨਾਲ-ਨਾਲ ਜਲ ਸੰਭਾਲ ਦੀਆਂ ਯੋਜਨਾਵਾਂ ’ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਅੱਜ ਪਾਣੀ ਬਚਾਇਆ ਤਾਂ ਕੱਲ੍ਹ ਜੀਵਨ ਸੁਰੱਖਿਅਤ ਰਹੇਗਾ - ਮੌਜੂਦਾ ਹਾਲਾਤ ਸਾਫ਼ ਸੰਕੇਤ ਦੇ ਰਹੇ ਹਨ ਕਿ ਪਾਣੀ ਨੂੰ ਲੈ ਕੇ ਹੁਣ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਗੁੰਜਾਇਸ਼ ਨਹੀਂ ਹੈ। ਪਾਣੀ ਦੀ ਬਰਬਾਦੀ ਨੂੰ ਅੱਜ ਹੀ ਰੋਕਣਾ ਜ਼ਰੂਰੀ ਹੈ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣਾ ਸਿਰਫ਼ ਸਰਕਾਰ ਦੀ ਨਹੀਂ ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਜੇ ਸਮੇਂ ਸਿਰ ਪਾਣੀ ਦੀ ਬੱਚਤ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿਚ ਜਲ ਸੰਕਟ ਸਮਾਜਿਕ, ਆਰਥਿਕ ਅਤੇ ਵਾਤਾਵਰਣਕ ਪੱਧਰ ‘ਤੇ ਗੰਭੀਰ ਚੁਣੌਤੀਆਂ ਪੈਦਾ ਕਰ ਸਕਦਾ ਹੈ।