ਓ . ਟੀ . ਐਸ . ਦੀ ਉਡੀਕ ਹੀ ਰਹਿ ਗਈ ....
ਲੁਧਿਆਣਾ, 23 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪਿਛਲੇ ਸਾਲ ਵਾਂਗ ਇਸ ਵਾਰ ਵੀ ਪੰਜਾਬ ਸਰਕਾਰ ਵਲੋਂ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਵਨ ਟਾਈਮ ਸੈਟਲਮੈਂਟ (ਓ. ਟੀ.
ਲੁਧਿਆਣਾ, 23 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪਿਛਲੇ ਸਾਲ ਵਾਂਗ ਇਸ ਵਾਰ ਵੀ ਪੰਜਾਬ ਸਰਕਾਰ ਵਲੋਂ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਲਿਆਂਦੇ ਜਾਣ ਦੀ ਉਮੀਦ ਲਗਾਈ ਬੈਠੇ ਸ਼ਹਿਰਵਾਸੀਆਂ ਨੂੰ ਫ਼ਿਲਹਾਲ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤਕ 2026 ਲਈ ਬਕਾਇਆ ਟੈਕਸ ’ਤੇ ਜੁਰਮਾਨੇ ਅਤੇ ਵਿਆਜ ਦੀ ਛੋਟ ਵਾਲੀ ਅਜਿਹੀ ਓ.ਡੀ.ਐਸ. ਸਕੀਮ ਦਾ ਕੋਈ ਐਲਾਨ ਸਾਹਮਣੇ ਨਹੀਂ ਆਇਆ। ਇਸ ਸਮੇਂ ਫ਼ਿਲਹਾਲ 30 ਸਤੰਬਰ ਤਕ ਟੈਕਸ ਜਮਾਂ ਕਰਵਾਉਣ ’ਤੇ 10 ਫ਼ੀਸਦੀ ਰਿਬੇਟ ਦੀ ਹੀ ਪ੍ਰਬੰਧ ਹੈ। ਪਿਛਲੇ ਸਾਲ ਓ.ਟੀ.ਐਸ. ਸਕੀਮ ਤਹਿਤ ਬਕਾਇਆ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਵਾਲਿਆਂ ਨੂੰ ਜੁਰਮਾਨੇ ਅਤੇ ਵਿਆਜ ਤੋ ਰਾਹਤ ਦਿੱਤੀ ਗਈ ਸੀ। ਪਹਿਲਾਂ 31 ਜੁਲਾਈ ਤਕ ਪੂਰੀ ਛੋਟ ਦੀ ਵਿਵਸਥਾ ਸੀ, ਜਿਸਤੋਂ ਬਾਅਦ ਸਰਕਾਰ ਵਲੋਂ ਇਸਦੀ ਮਿਆਦ ਵਧਾਕੇ 15 ਅਗਸਤ ਤੇ ਫਿਰ 31 ਅਗਸਤ 2025 ਤੱਕ ਕਰ ਦਿੱਤੀ ਗਈ ਸੀ। ਇਸੇ ਕਰਕੇ ਇਸ ਸਾਲ ਵੀ ਬਕਾਇਆਦਾਰਾਂ ਦੇ ਇਕ ਵਰਗ ਨੂੰ ਉਮੀਦ ਸੀ ਕਿ ਸਰਕਾਰ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਕੋਈ ਰਾਹਤ ਸਕੀਮ ਲਿਆਂਦੀ ਜਾਵੇਗੀ। ਜਿਸ ਤਹਿਤ ਪੁਰਾਣਾ ਬਕਾਇਆ ਕੇਵਲ ਮੂਲ ਰਕਮ ਦੇ ਆਧਾਰ ਤੇ ਜਮਾਂ ਕਰਵਾਉਣਾ ਦਾ ਮੌਕਾ ਮਿਲ ਸਕੇ। ਹਾਲਾਂਕਿ ਮੌਜੂਦਾ ਸਮੇਂ ਤਕ ਅਜਿਹਾ ਕੋਈ ਵੀ ਸਰਕਾਰੀ ਐਲਾਨ ਨਹੀਂ ਹੋਇਆ ਹੈ। ਪਿਛਲੇ ਸਾਲ ਦੀ ਓ.ਟੀ.ਐਸ. ਸਕੀਮ ਦਾ ਮਕਸਦ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਨੂੰ ਤੇਜ ਕਰਨਾ ਸੀ। ਸ਼ਹਿਰ ਵਿਚ ਇਸ ਸਕੀਮ ਤਹਿਤ ਹਜ਼ਾਰਾਂ ਬਕਾਇਆਦਾਰਾਂ ਨੇ ਆਪਣਾ ਪੁਰਾਣਾ ਟੈਕਸ ਜਮਾਂ ਕਰਵਾਇਆ ਸੀ ਅਤੇ ਨਗਰ ਨਿਗਮ ਨੂੰ ਬਕਾਇਆ ਰਕਮ ਦੀ ਵਸੂਲੀ ਵਿਚ ਵਾਧਾ ਹੋਇਆ ਸੀ। ਸ਼ਹਿਰ ਦੇ ਕੁੱਝ ਬਕਾਇਆਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਵੀ ਸਰਕਾਰ ਵਲੋਂ ਲੋਕਾਂ ਨੂੰ ਪੁਰਾਣੇ ਬਕਾਏ ਨਿਪਟਾਉਣ ਲਈ ਅਜਿਹਾ ਮੌਕਾ ਦਿੱਤਾ ਜਾਵੇਗਾ। ਕੁੱਝ ਲੋਕਾਂ ਨੇ ਇਹ ਵੀ ਕਿਹਾ ਕਿ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਜਿਹੀ ਰਾਹਤ ਦੀ ਉਮੀਦ ਹੋਰ ਵਧ ਗਈ ਸੀ। ਦੂਜੇ ਪਾਸੇ ਨਗਰ ਨਿਗਮ ਦੇ ਮੌਜੂਦਾ ਪ੍ਰਾਪਰਟੀ ਟੈਕਸ ਪ੍ਰਬੰਧ ਵਿਚ 30 ਸਤੰਬਰ ਤਕ 10 ਫ਼ੀਸਦੀ ਰਿਬੇਟ ਦਾ ਲਾਭ ਦਿੱਤਾ ਜਾ ਰਿਹਾ ਹੈ। ਸ਼ਹਿਰ ਵਾਸੀਆਂ ਵਿਚ ਚਰਚਾ ਹੈ ਕਿ ਕੀ ਸਰਕਾਰ ਆਉਣ ਵਾਲੇ ਸਮੇਂ ਵਿਚ ਬਕਾਇਆ ਪ੍ਰਾਪਰਟੀ ਟੈਕਸ ਲਈ ਕੋਈ ਵਿਸ਼ੇਸ਼ ਰਾਹਤ ਜਾ ਵਨ ਟਾਈਮ ਸੈਟਲਮੈਂਟ ਲਿਆਉਂਦੀ ਹੈ ਜਾਂ ਮੌਜੂਦਾ ਨਿਯਮਾਂ ਤਹਿਤ ਹੀ ਵਸੂਲੀ ਜਾਰੀ ਰਹਿੰਦੀ ਹੈ।