ਝੋਨੇ ਦੀ ਖਰੀਦ ਦੌਰਾਨ ਨਮੀ ਦੀ ਆੜ ਹੇਠ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਦੀ ਹੋਵੇ ਉੱਚ ਪੱਧਰੀ ਜਾਂਚ-ਗਰਚਾ
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਮੰਡੀਆਂ ਵਿਚ ਝੋਨੇ ਦੀ ਖਰੀਦ ਦੌਰਾਨ ਨਮੀ ਦੀ ਆੜ ਹੇਠ ਕਿਸਾਨਾਂ ਨਾਲ ਕਥਿਤ ਧੱਕੇਸ਼ਾਹੀ ਹੋਣ ਦੇ ਗੰਭੀਰ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਇੱਥੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਗਰਚਾ ਨੇ ਕਿਹਾ ਕਿ ਜੇਕਰ ਕੁਇੰਟਲ ਪਿੱਛੇ ਚਾਰ ਕਿਲੋ ਝੋਨੇ ਦੀ ਕਾਟ ਕੀਤੀ ਜਾ ਰਹੀ ਹੈ ਤਾਂ ਇਹ ਕਿਸਾਨਾਂ ਦੀ ਮਿਹਨਤ ਦੀ ਕਮਾਈ ’ਤੇ ਸਿੱਧਾ ਡਾਕਾ ਹੈ।
ਪ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਦੀਸ਼ ਸਿੰਘ ਗਰਚਾ ਉਨਾਂ ਨਾਲ ਬੋਬੀ ਗਰਚਾ ਤੇ ਆਰ.ਪੀ.ਐਸ. ਧਾਲੀਵਾਲ। ਅਜੀਤ ਤਸਵੀਰ
27-10-2026
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਮੰਡੀਆਂ ਵਿਚ ਝੋਨੇ ਦੀ ਖਰੀਦ ਦੌਰਾਨ ਨਮੀ ਦੀ ਆੜ ਹੇਠ ਕਿਸਾਨਾਂ ਨਾਲ ਕਥਿਤ ਧੱਕੇਸ਼ਾਹੀ ਹੋਣ ਦੇ ਗੰਭੀਰ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਇੱਥੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਗਰਚਾ ਨੇ ਕਿਹਾ ਕਿ ਜੇਕਰ ਕੁਇੰਟਲ ਪਿੱਛੇ ਚਾਰ ਕਿਲੋ ਝੋਨੇ ਦੀ ਕਾਟ ਕੀਤੀ ਜਾ ਰਹੀ ਹੈ ਤਾਂ ਇਹ ਕਿਸਾਨਾਂ ਦੀ ਮਿਹਨਤ ਦੀ ਕਮਾਈ ’ਤੇ ਸਿੱਧਾ ਡਾਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤਰੀਕੇ ਨਾਲ ਸ਼ੈਲਰ ਮਾਲਕਾਂ ਵੱਲੋਂ ਕਰੋੜਾਂ ਰੁਪਏ ਦਾ ਕਥਿਤ ਘਪਲਾ ਕੀਤਾ ਜਾ ਰਿਹਾ ਹੈ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਂਨਾਂ ਕਿਹਾ ਕਿ ਕਿਸਾਨ ਆਪਣੀ ਫ਼ਸਲ ਤਿਆਰ ਕਰਨ ਲਈ ਮਹੀਨਿਆਂ ਤੱਕ ਖੇਤਾਂ ਵਿੱਚ ਦਿਨ-ਰਾਤ ਮਿਹਨਤ ਕਰਦਾ ਹੈ, ਮਹਿੰਗੇ ਬੀਜ, ਖਾਦਾਂ, ਡੀਜ਼ਲ ਅਤੇ ਖੇਤੀਬਾੜੀ ਦੇ ਹੋਰ ਖਰਚੇ ਸਹਿਣ ਕਰਦਾ ਹੈ, ਪਰ ਜਦੋਂ ਉਸ ਦੀ ਫ਼ਸਲ ਵੇਚਣ ਦੀ ਵਾਰੀ ਆਉਂਦੀ ਹੈ ਤਾਂ ਨਮੀ ਦੇ ਨਾਂ ’ਤੇ ਕਟੌਤੀ ਦੀਆਂ ਸ਼ਿਕਾਇਤਾਂ ਉਸ ਦੀ ਆਰਥਿਕਤਾ ਨੂੰ ਹੋਰ ਕਮਜ਼ੋਰ ਕਰਦੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੁਇੰਟਲ ਪਿੱਛੇ ਚਾਰ ਕਿਲੋ ਦੀ ਕਾਟ ਕੀਤੀ ਜਾ ਰਹੀ ਹੈ ਤਾਂ ਕਿਸਾਨ ਨੂੰ ਇਸ ਦਾ ਲਿਖਤੀ ਹਿਸਾਬ ਕੌਣ ਦੇਵੇਗਾ। ਉਨ੍ਹਾਂ ਕਿਹਾ ਕਿ ਨਮੀ ਦੀ ਜਾਂਚ ਦੇ ਨਾਂ ’ਤੇ ਕਿਸੇ ਨੂੰ ਵੀ ਮਨਮਰਜ਼ੀ ਕਰਨ ਦੀ ਖੁੱਲ੍ਹ ਨਹੀਂ ਹੋਣੀ ਚਾਹੀਦੀ। ਜੇਕਰ ਨਿਯਮਾਂ ਤੋਂ ਉਲਟ ਕਟੌਤੀਆਂ ਹੋ ਰਹੀਆਂ ਹਨ ਤਾਂ ਇਹ ਸਿਰਫ਼ ਪ੍ਰਬੰਧਕੀ ਲਾਪਰਵਾਹੀ ਦਾ ਮਾਮਲਾ ਨਹੀਂ, ਸਗੋਂ ਕਿਸਾਨਾਂ ਦੇ ਹੱਕਾਂ ਨਾਲ ਜੁੜਿਆ ਗੰਭੀਰ ਸਵਾਲ ਹੈ। ਸ਼ੈਲਰ ਮਾਲਕਾਂ ਵਿਰੁੱਧ ਲਗਾਏ ਗਏ ਕਰੋੜਾਂ ਰੁਪਏ ਦੇ ਕਥਿਤ ਘਪਲੇ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾ ਕੇ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀ ਰਾਖੀ ਸਿਰਫ਼ ਭਾਸ਼ਣਾਂ ਅਤੇ ਐਲਾਨਾਂ ਨਾਲ ਨਹੀਂ ਹੁੰਦੀ। ਮੰਡੀਆਂ ਵਿੱਚ ਪਾਰਦਰਸ਼ੀ ਖਰੀਦ, ਨਮੀ ਦੀ ਸਹੀ ਜਾਂਚ ਅਤੇ ਹਰ ਕਟੌਤੀ ਦਾ ਸਪੱਸ਼ਟ ਰਿਕਾਰਡ ਲਾਜ਼ਮੀ ਬਣਾਇਆ ਜਾਵੇ । ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਹੋਵੇ ਅਤੇ ਜਿੱਥੇ ਵੀ ਬੇ-ਨਿਯਮੀਆਂ ਸਾਬਤ ਹੋਣ, ਉੱਥੇ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਕਿਸਾਨਾਂ ਦੀ ਮਿਹਨਤ ਦੀ ਕਮਾਈ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਗਦੀਸ਼ ਸਿੰਘ ਗਰਚਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਮੰਡੀਆਂ ਦੀ ਜਾਂਚ ਕਰਵਾ ਕੇ ਕਿਸਾਨਾਂ ਦੇ ਸ਼ੰਕਿਆਂ ਦਾ ਜਵਾਬ ਦੇਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਏ। ਨਹੀਂ ਤਾਂ ਹਲਕੇ ਦਾਖੇ ਤੋਂ ਸਰਕਾਰ ਨੂੰ ਘੇਰਨ ਦਾ ਵਿਸਤਾਰਤ ਪ੍ਰੋਗਰਾਮ ਉਲੀਕ ਕੇ ਪੰਜਾਬ ਪੱਧਰੀ ਮੁਹਿੰਮ ਚਲਾਈ ਜਾਵੇਗੀ। ਤਾਂ ਜੋ ਕਿਸਾਨਾਂ ਦੇ ਨਾਲ ਹੋ ਰਹੀ ਲੁੱਟ ਖਸੁੱਟ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਉਹਨਾਂ ਨਾਲ ਬੋਬੀ ਗਰਚਾ ਅਤੇ ਆਰਪੀਐਸ ਧਾਲੀਵਾਲ ਵੀ ਮੌਜੂਦ ਸਨ।