ਦੀਵਾਲੀ ਦੌਰਾਨ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਸਿਵਲ ਸਰਜਨ ਵਲੋਂ ਐਡਵਾਈਜ਼ਰੀ ਜਾਰੀ
ਲੋਕਾਂ ਨੂੰ ਪਟਾਕਿਆਂ ਦੀ ਬਜਾਏ ਦੀਵੇ ਜਗਾ ਕੇ ਹਰਿਆਲੀ ਭਰੀ ਦੀਵਾਲੀ ਮਨਾਉਣ ਦੀ ਅਪੀਲ
ਲੁਧਿਆਣਾ, 6 ਨਵੰਬਰ (ਡਾ. ਤਰਲੋਚਨ ਸਿੰਘ)- ਦੀਵਾਲੀ ਦੇ ਮੱਦੇਨਜ਼ਰ ਹਵਾ ਪ੍ਰਦੂਸ਼ਣ ਦੇ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਿਵਲ ਸਰਜਨ ਡਾ.
ਲੁਧਿਆਣਾ, 6 ਨਵੰਬਰ (ਡਾ. ਤਰਲੋਚਨ ਸਿੰਘ)- ਦੀਵਾਲੀ ਦੇ ਮੱਦੇਨਜ਼ਰ ਹਵਾ ਪ੍ਰਦੂਸ਼ਣ ਦੇ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਵਲੋਂ ਜ਼ਿਲ੍ਹਾ ਵਾਸੀਆਂ ਲਈ ਵਿਸ਼ੇਸ਼ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਉਣ ਪਰ ਵਾਤਾਵਰਣ ਤੇ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਪਟਾਕਿਆਂ ਨਾਲ ਨਿਕਲਣ ਵਾਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਤੇ ਇਸ ਦਾ ਦਿਲ ਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ, ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੀ ਸਿਹਤ ‘ਤੇ ਗੰਭੀਰ ਅਸਰ ਪੈ ਸਕਦਾ ਹੈ। ਡਾ. ਰਮਨਦੀਪ ਨੇ ਲੋਕਾਂ ਨੂੰ ਪਟਾਕਿਆਂ ਦੀ ਬਜਾਏ ਦੀਵੇ ਜਗਾ ਕੇ ਹਰਿਆਲੀ ਭਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਲੋਕ ਆਪਣੇ ਇਲਾਕੇ ਦਾ ਰੋਜ਼ਾਨਾ ਏਅਰ ਕੁਆਲਿਟੀ ਇੰਡੈਕਸ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ਜਾਂ ਸਮੀਰ ਐਪ ਰਾਹੀਂ ਚੈੱਕ ਕਰਨ। ਏਅਰ ਕੁਆਲਿਟੀ ਇੰਡੈਕਸ 0 ਤੋਂ 50 ਤੱਕ ਚੰਗਾ, 51 ਤੋਂ 100 ਤੱਕ ਤਸੱਲੀਬਖ਼ਸ਼, 101 ਤੋਂ 200 ਤੱਕ ਦਰਮਿਆਨਾ, 201 ਤੋਂ 300 ਤੱਕ ਮਾੜਾ, 301 ਤੋਂ 400 ਤੱਕ ਬਹੁਤ ਮਾੜਾ ਅਤੇ 401 ਤੋਂ 500 ਤੱਕ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਜਦੋਂ ਏਅਰ ਕੁਆਲਿਟੀ ਇੰਡੈਕਸ 200 ਤੋਂ ਵੱਧ ਹੋਵੇ ਤਾਂ ਸਵੇਰ ਦੀ ਸੈਰ, ਜੌਗਿੰਗ ਤੇ ਬਾਹਰ ਭਾਰੀ ਕਸਰਤ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਡਾ. ਰਮਨਦੀਪ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਰੋਜ਼ਾਨਾ ਏਅਰ ਕੁਆਲਿਟੀ ਇੰਡੈਕਸ ਦੀ ਜਾਣਕਾਰੀ ਪ੍ਰਦਰਸ਼ਿਤ ਕਰਨ ਤੇ ਪ੍ਰਦੂਸ਼ਣ ਵਧਣ ਵਾਲੇ ਦਿਨਾਂ ਵਿਚ ਬੱਚਿਆਂ ਦੀਆਂ ਬਾਹਰੀ ਖੇਡਾਂ ਤੇ ਹੋਰ ਗਤੀਵਿਧੀਆਂ ਸੀਮਤ ਕਰਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਆਵਾਜਾਈ ਦੀ ਵਰਤੋਂ ਕਰਨ, ਵੱਧ ਤੋਂ ਵੱਧ ਰੁੱਖ ਲਗਾਉਣ ਤੇ ਪ੍ਰਦੂਸ਼ਣ ਘਟਾਉਣ ਵਿਚ ਆਪਣਾ ਯੋਗਦਾਨ ਪਾਉਣ ਤਾਂ ਜੋ ਹਰ ਕੋਈ ਸਿਹਤਮੰਦ ਅਤੇ ਸਾਫ਼ ਵਾਤਾਵਰਣ ਵਿਚ ਤਿਉਹਾਰਾਂ ਦੀਆਂ ਖੁਸ਼ੀਆਂ ਮਨਾ ਸਕੇ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਐਂਬੂਲੈਂਸ ਲਈ 108 ਅਤੇ ਐਮਰਜੈਂਸੀ ਹੈਲਪਲਾਈਨ ਲਈ 112 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।