ਕੱਲ੍ਹ ਭੋਗ ’ਤੇ ਵਿਸ਼ੇਸ਼- ਇੰਦਰਜੀਤ ਸਿੰਘ ਸੇਖੋਂ
ਮੁੱਲਾਂਪੁਰ ਦਾਖਾ- ਪੀ. ਡਬਲਿਊ.
ਮੁੱਲਾਂਪੁਰ ਦਾਖਾ- ਪੀ.ਡਬਲਿਊ.ਡੀ ਮਹਿਕਮਾ ’ਚ ਐੱਚ.ਡੀ.ਐੱਮ ਇੰਦਰਜੀਤ ਸਿੰਘ ਸੇਖੋਂ ਦਾ ਦਿਹਾਂਤ ਹੋ ਗਿਆ। ਹਰਦਿਲ ਅਜ਼ੀਜ਼, ਮਿਹਨਤੀ ਅਤੇ ਮਿਲਣਸਾਰ ਇੰਦਰਜੀਤ ਸਿੰਘ ਸੇਖੋਂ ਦਾ ਜਨਮ ਸਾਲ 1974 ਸਾਂਝੇ ਪਰਿਵਾਰ ’ਚ ਕਾਲਜ ਰੋਡ ਦਾਖਾ (ਲੁਧਿ:) ਸਵ: ਪ੍ਰੀਤਮ ਸਿੰਘ ਸੇਖੋਂ ਦੇ ਗ੍ਰਹਿ ਮਾਤਾ ਗੁਰਪਾਲ ਕੌਰ ਦੀ ਕੁੱਖੋਂ ਹੋਇਆ। ਮਾਤਾ ਅਧਿਆਪਨ ਖੇਤਰ ਅਤੇ ਪਿਤਾ ਭਾਰਤੀ ਫੌਜ (ਐੱਮ.ਈ.ਐੱਸ) ਅਫ਼ਸਰ ਹੋਣ ਕਰਕੇ ਇੰਦਰਜੀਤ ਸਿੰਘ ਸੇਖੋਂ, ਸਿਮਰ ਸੇਖੋਂ ਦੋਵਾਂ ਭਰਾਵਾਂ ਦੀ ਸਕੂਲ-ਕਾਲਜ ਚੰਗੀ ਤਾਲੀਮ, ਵਧੀਆ ਪਰਵਰਿਸ਼ ਹੋਈ। ਇੰਦਰਜੀਤ ਸਿੰਘ ਭਾਵੇਂ ਲੋਕ ਨਿਰਮਾਣ ਵਿਭਾਗ ’ਚ ਐੱਚ.ਡੀ.ਐੱਮ ਅਸਾਮੀ ’ਤੇ ਤਾਇਨਾਤ ਰਿਹਾ, ਪਰ ਕਾਲਜ ਰੋਡ ਦਾਖਾ, ਮੰਡੀ ਮੁੱਲਾਂਪੁਰ ’ ਚ ਦੋਸਤਾਂ-ਮਿੱਤਰਾਂ ਦਾ ਪੁਰਾਣਾ ਸਰਕਲ ਬਰਕਰਾਰ ਰੱਖਿਆ। ਦਫ਼ਤਰ ਹੋਵੇ ਜਾਂ ਘਰ ਇੰਦਰਜੀਤ ਸਿੰਘ ਭਾਵ, ਅਭਾਵ, ਪ੍ਰਭਾਵ ਹੇਠ ਪਹੁੰਚੇ ਹਰ ਵਿਅਕਤੀ ਦਾ ਸਤਿਕਾਰ ਕਰਦਾ ਸੀ। ਉਸ ਦੀ ਸਾਕਾਰਾਤਮਕ ਸੋਚ ਨਾਲ ਦੋਵਾਂ ਭਰਾਵਾਂ ਦੇ ਦੋਵਾਂ ਪਰਿਵਾਰਾਂ ਵਿਚ ਕਦੀ ਤਿਲ ਜਿੰਨੀ ਵਿਥ ਵੇਖਣ ਨੂੰ ਨਹੀਂ ਮਿਲੀ। ਚੇਤੰਨ ਤੇ ਸੂਖਮ ਸੋਚ ਦਾ ਧਾਰਨੀ ਇੰਦਰਜੀਤ ਸਿੰਘ ਰੁੱਖਾਂ ਜੇਹਾ ਜਿਗਰਾ ਰੱਖਣ ਤੇ ਪੌਣਾਂ ਵਰਗੀ ਉਡਾਨ ਭਰਨ ਲਈ ਹਮੇਸ਼ਾ ਉਤਸੁਕ ਰਹਿੰਦਾ ਸੀ। ਅਧਿਆਪਨ ਖੇਤਰ ਨਾਲ ਜੁੜੀ ਇੰਦਰਜੀਤ ਸਿੰਘ ਸੇਖੋਂ ਦੀ ਧਰਮਪਤਨੀ ਮਨਦੀਪ ਕੌਰ, ਵਿਦੇਸ਼ ਰਹਿ ਰਿਹਾ ਸਪੁੱੱਤਰ ਸੁਖਪ੍ਰੀਤ ਸਿੰਘ, ਉਚੇਰੀ ਪੜ੍ਹਾਈ ਕਰ ਰਹੀ ਧੀ ਜਸਨੂਰ ਕੌਰ ਅਤੇ ਮਾਤਾ ਗੁਰਪਾਲ ਕੌਰ ਦੇ ਲਖ਼ਤ-ਏ-ਜਿਗਰ ਦੀ ਮੌਤ ਨੇ ਸੇਖੋਂ ਪਰਿਵਾਰ ਦੇ ਫੁੱਲਾਂ ਨਾਲ ਭਰੇ ਖੇਤ ’ਚੋਂ ਉਹੀ ਫੁੱਲ ਤੋੜਿਆ ਜਿਸ ਨਾਲ ਖੇਤ ਦੀ ਸ਼ਾਨ ਸੀ। ਕੌਣ ਸਾਹਿਬ ਨੂੰ ਆਖੇ, ਇੰਝ ਨਹੀਂ ਤੇ ਇੰਵੇਂ ਕਰ। ਇੰਦਰਜੀਤ ਸਿੰਘ ਸੇਖੋਂ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਿਆ। ਉਨ੍ਹਾਂ ਨਮਿੱਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ, ਅੰਤਿਮ ਅਰਦਾਸ ਕੱਲ੍ਹ ਸੋਮਵਾਰ 9 ਨਵੰਬਰ 2026 ਦੁਪਿਹਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਕਾਲਜ ਰੋਡ ਦਾਖਾ (ਲੁਧਿਆਣਾ) ਵਿਖੇ ਹੋਵੇਗੀ। - ਨਿਰਮਲ ਸਿੰਘ ਧਾਲੀਵਾਲ