ਕੋਚਰ ਮਾਰਕੀਟ ਤੇ ਗੁਰਦੇਵ ਨਗਰ ’ਚ ਦਰੱਖਤਾਂ ਦੀ ਕਟਾਈ ਦਾ ਮਾਮਲਾ ਗਰਮਾਇਆ
ਲੁਧਿਆਣਾ, 19 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਘੱਟ ਰਹੀ ਹਰਿਆਵਲ ਦਰਮਿਆਨ ਕੋਚਰ ਮਾਰਕੀਟ ਰੋਡ ਤੋਂ ਮਿੱਡਾ ਚੌਕ ਵੱਲ ਜਾਂਦੇ ਰਸਤੇ ਤੇ ਗੁਰਦੇਵ ਨਗਰ ਵਿਚ ਦਰੱਖਤਾਂ ਦੀ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਦੋਵਾਂ ਥਾਵਾਂ ’ਤੇ ਹੋਈ ਕਟਾਈ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਲੁਧਿਆਣਾ, 19 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਘੱਟ ਰਹੀ ਹਰਿਆਵਲ ਦਰਮਿਆਨ ਕੋਚਰ ਮਾਰਕੀਟ ਰੋਡ ਤੋਂ ਮਿੱਡਾ ਚੌਕ ਵੱਲ ਜਾਂਦੇ ਰਸਤੇ ਤੇ ਗੁਰਦੇਵ ਨਗਰ ਵਿਚ ਦਰੱਖਤਾਂ ਦੀ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਦੋਵਾਂ ਥਾਵਾਂ ’ਤੇ ਹੋਈ ਕਟਾਈ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਵਿਚ ਦਰੱਖਤਾਂ ਦੀ ਛਾਂਗਾਈ ਦੇ ਨਾਂਅ ਹੇਠ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਕੱਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕੋਚਰ ਮਾਰਕੀਟ ਰੋਡ ਅਤੇ ਗੁਰਦੇਵ ਨਗਰ ਦੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਵਾ ਕੇ ਇਹ ਪਤਾ ਲਗਾਇਆ ਜਾਵੇ ਕਿ ਦਰੱਖਤਾਂ ਦੀ ਕਟਾਈ ਕਿਸ ਦੇ ਹੁਕਮਾਂ ’ਤੇ ਅਤੇ ਕਿਹੜੀ ਮਨਜ਼ੂਰੀ ਤਹਿਤ ਕੀਤੀ ਗਈ। ਸ਼ਿਕਾਇਤਕਰਤਾ ਨੇ ਇਹ ਵੀ ਧਿਆਨ ਦਿਵਾਇਆ ਹੈ ਕਿ ਪਹਿਲਾਂ ਨਾਜਾਇਜ਼ ਦਰੱਖਤ ਕਟਾਈ ਦੇ ਮਾਮਲਿਆਂ ਵਿਚ ਕਈ ਮੁੱਢਲੀਆਂ ਸੂਚਨਾ ਦਰਜ ਹੋਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਇਸ ਲਈ ਸਿਰਫ਼ ਮਾਮਲੇ ਦਰਜ ਕਰਨ ਦੀ ਬਜਾਏ ਮੌਕੇ ’ਤੇ ਕਾਰਵਾਈ ਯਕੀਨੀ ਬਣਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਸ਼ਿਕਾਇਤਕਰਤਾ ਅਨੁਸਾਰ ਸ਼ਹਿਰ ਵਿਚ ਵਧਦਾ ਪ੍ਰਦੂਸ਼ਣ ਅਤੇ ਘਟਦੀ ਹਰਿਆਵਲ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਹਨ। ਅਜਿਹੇ ਵਿਚ ਸ਼ਹਿਰ ਦੇ ਦਰੱਖਤਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੂੰ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।