ਜ਼ੀਰਕਪੁਰ, 1 ਜਨਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਵਲੋਂ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਾਕਾਬੰਦੀ ਕਰਕੇ ਰਾਤ ਭਰ ਗਸ਼ਤ ਤੇ ਚੈਕਿੰਗ ਮੁਹਿੰਮ ਚਲਾਈ ਗਈ | ਇਸ ਮੌਕੇ ਥਾਣਾ ਜ਼ੀਰਕਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਸਤਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਨਾਈਟ ਕਲੱਬਾਂ, ਰਿਜ਼ੋਰਟਾਂ, ਰੈਸਟੋਰੈਂਟਾਂ ਤੇ ਬਾਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਦੌਰਾਨ ਪੁਲਿਸ ਟੀਮ ਨੇ ਸ਼ੱਕੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਤੇ ਜਨਤਾ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਇਸ ਦੌਰਾਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਜ਼ੀਰਕਪੁਰ ਪੁਲਿਸ ਨੇ ਕੁੱਲ 22 ਚਲਾਨ ਕੱਟੇ | ਇਸੇ ਤਰ੍ਹਾਂ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੀ ਆਪਣੀ ਟੀਮ ਸਮੇਤ ਰਾਤ ਭਰ ਫੀਲਡ ਵਿਚ ਸਰਗਰਮ ਰਹੇ | ਉਨ੍ਹਾਂ ਵਲੋਂ ਬਲਟਾਣਾ ਖੇਤਰ ਵਿਚ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 15 ਚਲਾਨ ਕੱਟੇ ਗਏ | ਇਸੇ ਤਰ੍ਹਾਂ ਢਕੌਲੀ ਪੁਲਿਸ ਵਲੋਂ ਵੀ ਖੇਤਰ ਵਿਚ ਨਾਕੇ ਲਗਾ ਕੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 9 ਚਲਾਨ ਕੱਟੇ ਗਏ | ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸਾਲ ਦੌਰਾਨ ਸ਼ਹਿਰ ਵਿਚ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣਾ ਉਨ੍ਹਾਂ ਦੀ ਪ੍ਰਮੁੱਖ ਤਰਜ਼ੀਹ ਹੈ | ਆਮ ਲੋਕਾਂ ਦੇ ਸਹਿਯੋਗ ਨਾਲ ਜ਼ੀਰਕਪੁਰ ਵਿਖੇ ਨਵੇਂ ਸਾਲ ਦਾ ਜਸ਼ਨ ਬਿਨਾਂ ਕਿਸੇ ਵੱਡੀ ਘਟਨਾ ਤੋਂ ਸੁਰੱਖਿਅਤ ਢੰਗ ਨਾਲ ਮਨਾਇਆ ਗਿਆ |