ਕਰਤਾਰਪੁਰ ਲਾਂਘਾ 8 ਮਹੀਨੇ ਤੋਂ ਬੰਦ, ਭਾਰਤੀ ਸ਼ਰਧਾਲੂਆਂ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਮੁਸ਼ਕਿਲ
ਅੰਮਿ੍ਤਸਰ, 1 ਜਨਵਰੀ (ਸੁਰਿੰਦਰ ਕੋਛੜ)-ਸਾਲ 2025 ਦੌਰਾਨ 'ਅਮਨ ਦਾ ਪੁਲ' ਅਤੇ 'ਮੁਹੱਬਤ ਦੀ ਰਾਹਦਾਰੀ' ਵਰਗੇ ਨਾਵਾਂ ਨਾਲ ਜਾਣੇ ਜਾਂਦੇ ਕਰਤਾਰਪੁਰ ਲਾਂਘੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਲੀਆਂ ਸਿਆਸੀ ਤੇ ਸਰਹੱਦੀ ਤਲਖ਼ੀਆਂ ਪੂਰੀ ਤਰ੍ਹਾਂ ਭਾਰੂ ਰਹੀਆਂ | ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿ ਦੀਆਂ ਫ਼ੌਜਾਂ ਵਲੋਂ ਸ਼ੁਰੂ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਉਪਰੰਤ ਭਾਰਤ ਸਰਕਾਰ ਵਲੋਂ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ 7 ਮਈ ਨੂੰ ਬੰਦ ਕੀਤਾ ਕਰਤਾਰਪੁਰ ਲਾਂਘਾ ਪਿਛਲੇ ਲਗਭਗ 8 ਮਹੀਨਿਆਂ ਤੋਂ ਬੰਦ ਹੈ | ਲਾਂਘੇ ਨਾਲ ਸੰਬੰਧਿਤ ਅਥਾਰਿਟੀ ਅਤੇ ਸੁਰੱਖਿਆ ਏਜੰਸੀਆਂ ਦੀਆਂ ਬੈਠਕਾਂ ਦੇ ਬਾਵਜੂਦ ਭਾਰਤੀ ਯਾਤਰੂਆਂ ਲਈ ਬੰਦ ਕੀਤੇ ਲਾਂਘੇ ਨੂੰ ਮੁੜ ਖੋਲ੍ਹਣ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ ਹੈ ਅਤੇ ਫਿਲਹਾਲ ਯਾਤਰਾ ਨਾਲ ਸੰਬੰਧਿਤ ਅਧਿਕਾਰਤ ਵੈੱਬਸਾਈਟ 'ਤੇ ਆਨ-ਲਾਈਨ ਰਜਿਸਟ੍ਰੇਸ਼ਨ ਵੀ ਬੰਦ ਹੈ | ਲਾਂਘਾ ਬੰਦ ਹੋਣ ਕਰਕੇ 7 ਮਈ ਤੋਂ ਬਾਅਦ ਇਕ ਵੀ ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਪਹੁੰਚ ਸਕਿਆ ਹੈ | ਹਾਲਾਂਕਿ, ਲਾਂਘਾ ਬੰਦ ਕੀਤੇ ਜਾਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੇ ਭਾਰਤੀ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ 'ਚ ਜ਼ਰੂਰ ਕਾਮਯਾਬ ਰਹੇ | ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੌਰਾਨ ਲਾਂਘਾ ਲਗਭਗ 20 ਮਹੀਨਿਆਂ ਲਈ ਬੰਦ ਰਿਹਾ ਸੀ, ਜਿਸ ਕਾਰਨ ਭਾਰਤੀ ਸੰਗਤ ਨੂੰ ਡੇਰਾ ਬਾਬਾ ਨਾਨਕ ਸਰਹੱਦ ਤੋਂ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਪਏ | ਸਾਲ 2025 ਦੌਰਾਨ ਪਾਕਿ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਕਰਤਾਰਪੁਰ ਲਾਂਘੇ ਦੀ ਦੇਖ-ਰੇਖ ਕਰਨ ਵਾਲੀ ਕਾਇਮ ਕੀਤੀ ਗਈ ਜਥੇਬੰਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ. ਐੱਮ. ਯੂ.) ਦੇ ਪ੍ਰਬੰਧਕੀ ਢਾਂਚੇ 'ਚ ਵੀ ਭਾਰੀ ਤਬਦੀਲੀਆਂ ਕੀਤੀਆਂ ਗਈਆਂ | ਇਸ ਤੋਂ ਇਲਾਵਾ ਮਈ ਤੋਂ ਬਾਅਦ ਪਾਕਿ ਵਲੋਂ ਆਪਣੇ ਨਾਗਰਿਕਾਂ ਨੂੰ ਵੀ ਸਿਰਫ਼ ਜਥਿਆਂ ਦੇ ਰੂਪ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਜਾਣ ਦੀ ਖੁੱਲ੍ਹ ਦਿੱਤੀ ਗਈ, ਜਦਕਿ ਇਕੱਲੇ 'ਵਿਜ਼ਟਰ' ਦੇ ਦਾਖ਼ਲੇ 'ਤੇ ਰੋਕ ਲਗਾਈ ਗਈ ਹੈ | ਇਸੇ ਦੌਰਾਨ 26-27 ਅਗਸਤ ਦੀ ਰਾਤ ਲਗਭਗ 12 ਵਜੇ ਦਰਿਆ ਰਾਵੀ 'ਚ ਆਏ ਹੜ੍ਹਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਹੜ੍ਹਾਂ ਦੇ ਮਿੱਟੀ ਦੀ ਗਾਰ ਵਾਲੇ ਪਾਣੀ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ 6-7 ਫੁੱਟ ਤੱਕ ਡੁੱਬ ਗਈ | ਗੁਰਦੁਆਰਾ ਸਾਹਿਬ 'ਚ ਮੌਜੂਦ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਬਾਹਰਲੇ ਪਾਸੇ ਮੌਜੂਦ ਮਜ਼ਾਰ ਸਮੇਤ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ, ਯਾਤਰੂਆਂ ਦੀ ਰਿਹਾਇਸ਼ ਲਈ ਬਣਾਈਆਂ ਸਰਾਂਵਾਂ, ਗੈਲਰੀਆਂ, ਸਰੋਵਰ, ਜੋੜਾ-ਘਰ, ਪ੍ਰਬੰਧਕੀ ਦਫ਼ਤਰ ਸਮੇਤ ਸੇਵਾਦਾਰਾਂ, ਗ੍ਰੰਥੀ ਸਿੰਘ ਅਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸਟਾਫ਼ ਲਈ ਬਣਾਏ ਰਿਹਾਇਸ਼ੀ ਕਮਰੇ ਵੀ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬ ਗਏ | ਗੁਰਦੁਆਰਾ ਸਾਹਿਬ ਦੀ ਪਰਿਕ੍ਰਮਾ ਦੇ ਬਾਹਰਵਾਰ ਲਗਾਏ ਗਏ 'ਬਾਬਾ ਜੀ ਦੇ ਬਾਗ' ਅਤੇ 'ਬਾਬਾ ਜੀ ਦੇ ਖੇਤ' ਹੜ੍ਹਾਂ ਦੇ ਪਾਣੀ 'ਚ ਵਹਿ ਗਏ | ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਬਾਹਰ ਮੌਜੂਦ ਭਾਈ ਅਜਿਤਾ ਜੀ ਬਾਜ਼ਾਰ ਵਿਚਲੀਆਂ ਸਾਰੀਆਂ ਦੁਕਾਨਾਂ ਦੇ ਅੰਦਰ 7 ਫੁੱਟ ਤੱਕ ਪਾਣੀ ਭਰ ਗਿਆ | ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਆਦੇਸ਼ਾਂ ਤੋਂ ਬਾਅਦ 29 ਅਗਸਤ ਨੂੰ ਮਸ਼ੀਨਾਂ ਲਗਾ ਕੇ ਅਤੇ ਹੋਰ ਉਪਕਰਨਾਂ ਦੀ ਸਹਾਇਤਾ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਅਤੇ ਪਰਿਕਰਮਾ 'ਚ ਖੜ੍ਹਾ ਹੜ੍ਹ ਦਾ ਗੰਦਲਾ ਪਾਣੀ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜੋ ਕਈ ਦਿਨਾਂ ਤੱਕ ਜਾਰੀ ਰਹੀ | ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਦਾ ਪ੍ਰਤੀਕ ਹੈ | ਸਮੁੱਚੀ ਸਿੱਖ ਕੌਮ ਲਈ ਇਹ ਲਾਂਘਾ ਅਤੇ ਯਾਤਰਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਦੀ ਮਹੱਤਤਾ ਭਾਰਤ-ਪਾਕਿ ਸਰਕਾਰ ਨੂੰ ਵੀ ਸਮਝਣੀ ਚਾਹੀਦੀ ਹੈ |
ਸਿਆਸੀ ਤੇ ਸਰਹੱਦੀ ਤਲਖ਼ੀਆਂ 'ਅਮਨ ਦਾ ਪੁਲ' ਅਤੇ 'ਮੁਹੱਬਤ ਦੀ ਰਾਹਦਾਰੀ' 'ਤੇ ਰਹੀਆਂ ਭਾਰੂ <br/>
ਅਜੀਤ ਡੈਸਕ
02-01-2026