ਪਾਕਿ ਆਉਣ ਵਾਲੇ ਭਾਰਤੀ ਸਿੱਖ ਯਾਤਰੂ ਦੇਖ ਸਕਣਗੇ ਪਾਕਿਸਤਾਨੀ ਸੱਭਿਆਚਾਰ ਤੇ ਸੈਰ-ਸਪਾਟਾ ਦੇ ਵਿਲੱਖਣ ਰੰਗ-ਮਰੀਅਮ ਨਵਾਜ਼
ਅੰਮਿ੍ਤਸਰ, 1 ਜਨਵਰੀ (ਸੁਰਿੰਦਰ ਕੋਛੜ)-ਲਾਹੌਰ ਦੀ ਕਾਇਦ-ਏ-ਆਜ਼ਮ ਇੰਟਰਚੇਂਜ ਤੋਂ ਵਾਹਗਾ ਸਰਹੱਦ (ਜ਼ੀਰੋ ਲਾਈਨ) ਤੱਕ ਲਹਿੰਦੇ ਪੰਜਾਬ ਦੇ ਪਹਿਲੇ ਟੂਰਿਜ਼ਮ ਹਾਈਵੇਅ 'ਵਾਹਗਾ ਵਿਰਾਸਤੀ ਲਾਂਘਾ' ਦਾ ਨਿਰਮਾਣ ਮੁਕੰਮਲ ਹੋ ਗਿਆ ਹੈ | ਇਸ 13 ਕਿਲੋਮੀਟਰ ਲੰਬੇ ਪ੍ਰੋਜੈਕਟ 'ਤੇ ਕੁੱਲ 2.85 ਅਰਬ ਪਾਕਿਸਤਾਨੀ ਰੁਪਇਆਂ ਦੀ ਲਾਗਤ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਵਾਹਗਾ ਸਰਹੱਦ 'ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਕੌਮੀ ਝੰਡਾ ਉਤਾਰਨ ਦੀ ਰਸਮ ਅਤੇ ਪਰੇਡ ਵੇਖਣ ਆਉਣ ਵਾਲੇ ਪਾਕਿਸਤਾਨੀਆਂ ਤੇ ਵਿਦੇਸ਼ੀ ਸੈਲਾਨੀਆਂ ਦੇ ਨਾਲ-ਨਾਲ ਧਾਰਮਿਕ ਦਿਹਾੜਿਆਂ ਅਤੇ ਗੁਰਪੁਰਬਾਂ ਮੌਕੇ ਭਾਰਤ ਤੋਂ ਪਾਕਿ ਜਾਣ ਵਾਲੇ ਸਿੱਖ ਤੇ ਹਿੰਦੂ ਯਾਤਰੂਆਂ ਨੂੰ ਹੁਣ ਵਿਸ਼ਵ ਪੱਧਰੀ ਯਾਤਰਾ ਸਹੂਲਤਾਂ ਮਿਲਣਗੀਆਂ | ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਭਾਰਤ ਤੋਂ ਪਾਕਿ ਪਹੁੰਚਣ 'ਤੇ ਸਿੱਖ ਸ਼ਰਧਾਲੂ ਹੁਣ ਪਾਕਿਸਤਾਨੀ ਸੱਭਿਆਚਾਰ, ਸੈਰ-ਸਪਾਟਾ ਅਤੇ ਸੁੰਦਰਤਾ ਦੇ ਵਿਲੱਖਣ ਰੰਗ ਦੇਖ ਸਕਣਗੇ | ਉਹ ਵਾਹਗਾ ਤੋਂ ਲਾਹੌਰ ਆਉਂਦੇ ਜਾਂ ਵਾਪਸ ਪਰਤਦੇ ਹੋਏ ਯਾਤਰਾ ਦੌਰਾਨ ਪੰਜਾਬੀ ਨਾਇਕਾਂ ਦੀਆਂ ਤਸਵੀਰਾਂ ਨਾਲ ਸਜਾਈਆਂ ਸੜਕਾਂ ਨੂੰ ਦੇਖ ਸਕਣਗੇ | ਦੱਸਿਆ ਜਾ ਰਿਹਾ ਹੈ ਕਿ ਬਿਹਤਰ ਯਾਤਰਾ ਸਹੂਲਤਾਂ ਪ੍ਰਦਾਨ ਕਰਨ ਲਈ ਟੂਰਿਜ਼ਮ ਹਾਈਵੇਅ ਨੂੰ 68 ਫੁੱਟ ਚੌੜਾ ਕਰਕੇ ਦੋਵੇਂ ਪਾਸੇ 20 ਫੁੱਟ ਚੌੜੀਆਂ ਸਰਵਿਸ ਸੜਕਾਂ ਬਣਾਈਆਂ ਗਈਆਂ ਹਨ | ਇਨ੍ਹਾਂ ਸੜਕਾਂ 'ਤੇ ਵੱਖ-ਵੱਖ ਸਮਾਰਕਾਂ ਅਤੇ ਹੋਰ ਦਿਲਖਿੱਚ ਸਜਾਵਟੀ ਸੱਭਿਆਚਾਰਕ ਕੰਧ-ਚਿੱਤਰ ਵੀ ਬਣਾਏ ਗਏ ਹਨ | ਇਥੇ ਖ਼ਾਸ ਤੌਰ 'ਤੇ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਗੁਰਮੁਖੀ 'ਚ ਲਿਖੇ ਸਥਾਈ ਬੋਰਡ ਵੀ ਲਗਾਏ ਜਾਣ ਦੀ ਯੋਜਨਾ ਹੈ | ਵਾਹਗਾ ਸਰਹੱਦ ਵਿਖੇ ਤਿਆਰ ਕੀਤੀ ਨਵੀਂ ਦਰਸ਼ਕ ਗੈਲਰੀ 'ਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ 7000 ਤੋਂ ਵਧਾ ਕੇ 25,000 ਕਰ ਦਿੱਤੀ ਗਈ ਹੈ | ਇਥੇ ਇਕ 'ਥੀਮ ਪਾਰਕ' ਵੀ ਬਣਾਇਆ ਗਿਆ ਹੈ, ਜਿਸ 'ਚ ਇਕ ਮਾਡਲ ਰੇਲਵੇ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ, ਜੋ ਵੰਡ ਦੌਰਾਨ ਸ਼ਰਨਾਰਥੀਆਂ ਦੇ ਪ੍ਰਵਾਸ ਨੂੰ ਦਰਸਾਉਂਦਾ ਹੈ | ਇਥੇ ਟੈਂਕ, ਹੈਲੀਕਾਪਟਰ ਤੇ ਹੋਰ ਫ਼ੌਜੀ ਉਪਕਰਨ ਵੀ ਪ੍ਰਦਰਸ਼ਨ ਲਈ ਰੱਖੇ ਗਏ ਹਨ | ਇਸ ਗੈਲਰੀ 'ਚ ਦਾਖਲ ਹੋਣ ਲਈ ਹੁਣ ਦਰਸ਼ਕ ਲਾਹੌਰ ਕਿਲ੍ਹੇ ਦੇ ਆਲਮਗੀਰੀ ਗੇਟ ਦੀ ਤਰਜ਼ 'ਤੇ ਉਸਾਰੇ ਬਾਬ-ਏ-ਆਜ਼ਾਦੀ ਨਾਮੀ ਵਿਸ਼ਾਲ ਗੇਟ ਰਾਹੀਂ ਦਾਖਲ ਹੁੰਦੇ ਹਨ |
'ਵਾਹਗਾ ਵਿਰਾਸਤੀ ਲਾਂਘਾ' ਦਾ 2.85 ਅਰਬ ਦੀ ਲਾਗਤ ਨਾਲ ਨਿਰਮਾਣ ਮੁਕੰਮਲ <br/>
ਅਜੀਤ ਡੈਸਕ
02-01-2026