ਚੰਡੀਗੜ੍ਹ, 1 ਜਨਵਰੀ (ਅਜਾਇਬ ਸਿੰਘ ਔਜਲਾ)-ਇੱਥੇ ਮੁਲਾਜ਼ਮਾਂ ਦੀ ਵਰਕਿੰਗ ਕਮੇਟੀ ਦੀ ਇਕੱਤਰਤਾ ਵਿਚ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਵਲੋਂ 20 ਜਨਵਰੀ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਜਨਰਲ ਸਕੱਤਰ ਰਾਕੇਸ਼ ਕੁਮਾਰ ਵਲੋਂ ਦਿੱਤੀ ਗਈ। ਇਲੈਕਟ੍ਰੀਕਲ ਵਰਕਰਜ਼ ਯੂਨੀਅਨ ਦੀ ਵਰਕਿੰਗ ਕਮੇਟੀ ਨੇ ਕਿਹਾ ਕਿ ਬਿਜਲੀ ਸਰਕਲ ਵਿਚ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ, ਜਿਨ੍ਹਾਂ 'ਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਨੂੰ ਹੱਲ ਕੀਤਾ ਜਾਵੇ। ਕਾਮਿਆਂ ਨੂੰ ਉਨ੍ਹਾਂ ਦੀਆਂ ਤਨਖ਼ਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ, ਅਤੇ ਇਸ ਸੰਬੰਧੀ ਪ੍ਰਸ਼ਾਸਕੀ ਨਿਰਦੇਸ਼ਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਤਰੱਕੀ ਦੇ ਅਹੁਦੇ ਸਮੇਂ ਸਿਰ ਨਹੀਂ ਭਰੇ ਜਾ ਰਹੇ ਹਨ, ਤੇ ਕਾਮੇ ਤਰੱਕੀ ਦੀ ਉਡੀਕ ਕਰਦੇ ਹੋਏ ਸੇਵਾਮੁਕਤ ਹੋ ਰਹੇ ਹਨ। ਆਊਟਸੋਰਸ ਕੀਤੇ ਕਾਮਿਆਂ ਨੂੰ ਬਿਨਾਂ ਕਾਰਨ ਕੱਢਿਆ ਜਾ ਰਿਹਾ ਹੈ। ਜੂਨੀਅਰ ਟੈਕਨੀਸ਼ੀਅਨਾਂ ਨੂੰ ਸ਼੍ਰੇਣੀਬੱਧ ਨਹੀਂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਆਊਟਸੋਰਸ ਕੀਤੇ ਕਾਮਿਆਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਿੱਤੀ ਜਾਵੇ, ਡੀ. ਸੀ. ਦਰਾਂ ਵਿਚ ਗ਼ਲਤੀਆਂ ਨੂੰ ਠੀਕ ਕੀਤਾ ਜਾਵੇ, ਅਤੇ ਈ. ਐੱਸ. ਆਈ. ਸੀਮਾ ਨੂੰ 50,000 ਤੱਕ ਵਧਾ ਦਿੱਤਾ ਜਾਵੇ। ਮੀਟਿੰਗ ਵਿਚ ਮੰਗ ਕੀਤੀ ਗਈ ਕਿ ਚਾਰ ਲੇਬਰ ਕੋਡਾਂ ਵਿੱਚੋਂ ਕਿਰਤ ਵਿਰੋਧੀ ਧਾਰਾਵਾਂ ਹਟਾਈਆਂ ਜਾਣ।