ਐੱਸ. ਏ. ਐੱਸ. ਨਗਰ, 2 ਜਨਵਰੀ (ਕਪਿਲ ਵਧਵਾ)-ਈ. ਡੀ. ਦੀ ਵਿਸ਼ੇਸ਼ ਅਦਾਲਤ ਵਲੋਂ ਹੁਣ ਨਸ਼ਾ ਤਸਕਰੀ ਦੇ ਮਾਮਲੇ ਵਿਚ ਤਿੰਨ ਦੋਸ਼ੀਆਂ ਵਿਰੁੱਧ ਨਿਯਮਿਤ ਕੇਸ ਚਲਾਇਆ ਜਾਵੇਗਾ | ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਐਕਟ ਦੀ ਧਾਰਾ 44, 45, 3 ਅਤੇ 4 ਤਹਿਤ ਮੁਹਾਲੀ ਵਿਖੇ ਕੇਸ ਚਲੇਗਾ | ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਭਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਪਵਨ ਕੁਮਾਰ ਨੂੰ 6 ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਸੀ, ਜਿਸ ਦੀ ਬਾਜ਼ਾਰੀ ਕੀਮਤ ਐੱਨ. ਸੀ. ਬੀ. ਅਨੁਸਾਰ 30 ਲੱਖ ਰੁ. ਹੈ | ਇਸ ਮਾਮਲੇ 'ਚ ਪਟਿਆਲਾ ਅਦਾਲਤ ਵਲੋਂ ਉਨ੍ਹਾਂ ਨੂੰ 20 ਫਰਵਰੀ 2024 ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲਾਂ ਦੀ ਸਖ਼ਤ ਕੈਦ ਅਤੇ 1 ਲੱਖ ਰੁ. ਪ੍ਰਤੀ ਦੋਸ਼ੀ ਜ਼ੁਰਮਾਨਾ ਵਸੂਲਣ ਦੇ ਹੁਕਮ ਸੁਣਾਏ ਗਏ ਸਨ | ਵਪਾਰਕ ਮਾਤਰਾ ਵਿਚ ਅਫ਼ੀਮ ਬਰਾਮਦ ਹੋਣ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤਿੰਨਾਂ ਦੋਸ਼ੀਆਂ ਵਿਰੁੱਧ ਮਨੀ ਲਾਂਡਰਿੰਗ ਤਹਿਤ ਇਕ ਵੱਖਰਾ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਇਹ ਮਾਮਲਾ ਮੁਹਾਲੀ ਅਦਾਲਤ ਵਿਖੇ ਸ਼ਿਕਾਇਤ ਵਜੋਂ ਦਾਖ਼ਲ ਕਰਦਿਆਂ ਨੋਟਿਸ (ਕੋਗਨਿਜ਼ਾਂਸ) ਲੈਣ ਦੀ ਇਜਾਜ਼ਤ ਮੰਗੀ ਗਈ ਸੀ | ਜਾਂਚ ਦੌਰਾਨ ਸਾਹਮਣੇ ਆਇਆ ਕਿ ਨਸ਼ੇ ਦੀ ਤਸਕਰੀ ਤੋਂ ਇਨ੍ਹਾਂ ਵਿਅਕਤੀਆਂ ਨੇ ਕੋਈ ਖਾਸ ਜਾਇਦਾਦ ਨਹੀਂ ਬਣਾਈ ਸੀ, ਜਿਸ ਕਾਰਨ ਕਾਰਵਾਈ ਪਿਛਲੇ ਸਾਲ ਤੋਂ ਲੰਬਿਤ ਪਈ ਸੀ, ਪਰ ਹੁਣ ਅਦਾਲਤ ਨੇ ਕੇਸ ਕਾਰਵਾਈ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ | ਇਸ ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ |