ਐੱਸ. ਏ. ਐੱਸ. ਨਗਰ, 2 ਜਨਵਰੀ (ਪ੍ਰੋ. ਅਵਤਾਰ ਸਿੰਘ)-ਬਸਪਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਗਨਰੇਗਾ ਨੂੰ ਤੋੜ ਕੇ ਨਵਾਂ ਕਾਨੂੰਨ ਬਣਾਏ ਜਾਣ ਖ਼ਿਲਾਫ਼ ਡੀ. ਸੀ. ਦਫ਼ਤਰ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਹਰਕਾਦਾਸ ਧਾਲੀਵਾਲ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ | ਇਸ ਮੌਕੇ ਬਸਪਾ ਦੀ ਸੂਬਾਈ ਇਕਾਈ ਦੇ ਜਨਰਲ ਸਕੱਤਰ ਠੇਕੇਦਾਰ ਹਰਭਜਨ ਸਿੰਘ ਬਜਹੇੜੀ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਗ਼ਰੀਬਾਂ ਤੇ ਦਲਿਤਾਂ ਦੀ ਰੋਜ਼ੀ-ਰੋਟੀ ਖੋਹ ਕੇ ਉਨ੍ਹਾਂ ਦੇ ਚੁੱਲ੍ਹੇ ਠੰਢੇ ਕਰਨ ਦੇ ਰਾਹ 'ਤੇ ਤੁਰੀ ਹੋਈ ਹੈ ਅਤੇ ਇਸੇ ਉਦੇਸ਼ ਤਹਿਤ ਮਗਨਰੇਗਾ ਸੰਬੰਧੀ ਨਵਾਂ ਕਾਨੂੰਨ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਨਿਰੰਤਰ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਇਸੇ ਕਾਰਨ ਵੱਖ-ਵੱਖ ਕਾਨੂੰਨ ਲਿਆਂਦੇ ਜਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਮਗਨਰੇਗਾ ਸਕੀਮ ਨੂੰ ਪਹਿਲੇ ਸਰੂਪ 'ਚ ਬਰਕਰਾਰ ਰੱਖਿਆ ਜਾਵੇ ਅਤੇ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਤਹਿਤ ਮਜ਼ਦੂਰਾਂ ਨੂੰ 300 ਦਿਨਾਂ ਦਾ ਰੁਜ਼ਗਾਰ ਦਿੱਤਾ ਜਾਵੇ | ਧਰਨੇ ਉਪਰੰਤ ਬਸਪਾ ਆਗੂਆਂ ਤੇ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਰਾਹੀਂ ਰਾਸ਼ਟਰਪਤੀ ਦੇ ਨਾਂਅ 'ਤੇ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਸੁੱਚਾ ਸਿੰਘ ਸਨੇਟਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੁਹਾਲੀ, ਸੁਬੇਗ ਸਿੰਘ ਜੂਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੁਹਾਲੀ, ਜਗਤਾਰ ਜ਼ਿਲ੍ਹਾ ਇੰਚਾਰਜ ਮੁਹਾਲੀ, ਮਾਸਟਰ ਸੁਰਿੰਦਰ ਸਿੰਘ ਜ਼ਿਲ੍ਹਾ ਇੰਚਾਰਜ ਮੁਹਾਲੀ, ਪ੍ਰਕਾਸ਼ ਸਿੰਘ ਜ਼ਿਲ੍ਹਾ ਸਕੱਤਰ ਮੁਹਾਲੀ, ਰਵਿੰਦਰ ਸਿੰਘ ਜ਼ਿਲ੍ਹਾ ਇੰਚਾਰਜ ਬੀ. ਵੀ. ਐਫ., ਜਸਪਾਲ ਸਿੰਘ ਸੈਦਪੁਰ ਤੇ ਜੋਗਿੰਦਰ ਸਿੰਘ ਮੱਛਲੀ ਸਮੇਤ ਵੱਡੀ ਗਿਣਤੀ ਹੋਰ ਆਗੂ ਤੇ ਵਰਕਰ ਹਾਜ਼ਰ ਸਨ |