ਕੁਰਾਲੀ, 5 ਜਨਵਰੀ (ਹਰਪ੍ਰੀਤ ਸਿੰਘ)-ਆਵਾਜਾਈ ਦੇ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਮਨਾਏ ਜਾ ਰਹੇ 'ਕੌਮੀ ਸੜਕ ਸੁਰੱਖਿਆ ਮਹੀਨੇ' ਤਹਿਤ ਸਥਾਨਕ ਟ੍ਰੈਫ਼ਿਕ ਪੁਲਿਸ ਵਲੋਂ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਬਤ ਜਾਗਰੂਕ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਥਾਨਕ ਟ੍ਰੈਫ਼ਿਕ ਇੰਚਾਰਜ ਜਗਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਹੋਏ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕਦਾ ਹੈ | ਉਨ੍ਹਾਂ ਧੁੰਦ ਦੇ ਦਿਨਾਂ 'ਚ ਵਾਹਨ ਚਲਾਉਣ ਮੌਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ ਏ. ਐੱਸ. ਆਈ. ਯਸ਼ਪਾਲ ਸਿੰਘ, ਏ. ਐੱਸ. ਆਈ ਦਵਿੰਦਰ ਸਿੰਘ, ਹੌਲਦਾਰ ਦਵਿੰਦਰ ਸਿੰਘ ਤੇ ਹੌਲਦਾਰ ਹਰਮੇਸ਼ ਸਿੰਘ ਤੋਂ ਇਲਾਵਾ ਮਨਜਿੰਦਰ ਸਿੰਘ ਸਾਬੀ, ਅਮਨਦੀਪ ਸਿੰਘ ਗੋਲਡੀ ਸਾਬਕਾ ਸਰਪੰਚ ਅਕਾਲਗੜ੍ਹ, ਬਲਵੀਰ ਮਾਵੀ ਮੁੰਧੋਂ ਤੇ ਸੁਭਾਸ਼ ਚੰਦਰ ਆਦਿ ਪਤਵੰਤੇ ਵੀ ਹਾਜ਼ਰ ਸਨ |