ਐੱਸ. ਏ. ਐੱਸ. ਨਗਰ, 25 ਜਨਵਰੀ (ਕਪਿਲ ਵਧਵਾ)-ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਚੰਡੀਗੜ੍ਹ-ਮੁਹਾਲੀ ਦੇ ਸਰਹੱਦੀ ਪੁਲਿਸ ਥਾਣਿਆਂ ਦੀ ਇਕ ਅਹਿਮ ਕੋਆਰਡੀਨੇਸ਼ਨ ਮੀਟਿੰਗ ਸੱਦੀ ਗਈ, ਜਿਸ ਦੀ ਅਗਵਾਈ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਵਲੋਂ ਕੀਤੀ ਗਈ | ਮੀਟਿੰਗ ਵਿਚ ਚੰਡੀਗੜ੍ਹ ਤੋਂ ਥਾਣਾ ਸੈਕਟਰ-36 ਦੇ ਐੱਸ. ਐੱਚ. ਓ. ਇੰਸਪੈਕਟਰ ਜੇ. ਪੀ. ਸਿੰਘ, ਸੈਕਟਰ-34 ਦੇ ਐੱਸ. ਐੱਚ. ਓ. ਇੰਸਪੈਕਟਰ ਸਤਿੰਦਰ, ਸੈਕਟਰ-49 ਦੇ ਐੱਸ. ਐੱਚ. ਓ. ਇੰਸਪੈਕਟਰ ਓਮ ਪ੍ਰਕਾਸ਼ ਅਤੇ ਸੈਕਟਰ-31 ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਨੇ ਹਿੱਸਾ ਲਿਆ | ਇਸ ਤੋਂ ਇਲਾਵਾ ਮੁਹਾਲੀ ਦੇ ਫੇਜ਼-11 ਦੇ ਐੱਸ. ਐੱਚ. ਓ. ਇੰਸਪੈਕਟਰ ਅਮਨ ਬੈਦਵਾਣ, ਸੋਹਾਣਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਨੀਲ ਸ਼ਰਮਾ, ਥਾਣਾ ਫੇਜ਼-8 ਦੇ ਐੱਸ. ਐੱਚ. ਓ. ਐੱਸ.. ਆਈ. ਸਤਨਾਮ ਸਿੰਘ, ਅਤੇ ਆਈ. ਟੀ. ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਵੀ ਹਾਜ਼ਰ ਰਹੇ | ਮੁਹਾਲੀ ਸਥਿਤ ਡੀ. ਐੱਸ. ਪੀ. ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਸਰਹੱਦੀ ਇਲਾਕਿਆਂ ਵਿਚ ਜਾਣਕਾਰੀ ਸਾਂਝੀ ਕਰਨ, ਸਾਂਝੀ ਪੈਟਰੋਲਿੰਗ ਤੇ ਗ਼ੈਰ-ਸਮਾਜੀ ਅਨਸਰਾਂ ਨੂੰ ਰੋਕਣ ਬਾਬਤ ਚੁੱਕੇ ਜਾਣ ਵਾਲ ਕਦਮਾਂ 'ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ | ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਗਣਤੰਤਰ ਦਿਵਸ ਜਿਹੇ ਰਾਸ਼ਟਰੀ ਤਿਉਹਾਰ ਦੌਰਾਨ ਕਿਸੇ ਵੀ ਮਾੜੀ ਘਟਨਾ ਨੂੰ ਰੋਕਣ ਲਈ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ | ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਚੰਡੀਗੜ੍ਹ ਤੇ ਮੁਹਾਲੀ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਅਤੇ ਸਰਹੱਦੀ ਇਲਾਕਿਆਂ ਵਿਚ ਲਗਾਤਾਰ ਨਿਗਰਾਨੀ, ਨਾਕਾਬੰਦੀ ਅਤੇ ਗਸ਼ਤ ਰਾਹੀਂ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਗਣਤੰਤਰ ਦਿਵਸ ਦਾ ਤਿਉਹਾਰ ਸ਼ਾਂਤੀਪੂਰਕ ਤੇ ਸੁਰੱਖਿਅਤ ਢੰਗ ਨਾਲ ਮਨਾਇਆ ਜਾ ਸਕੇ |