ਜ਼ੀਰਕਪੁਰ, 27 ਜਨਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਭਬਾਤ ਰੋਡ 'ਤੇ ਸਬਜ਼ੀ ਮੰਡੀ ਇਲਾਕੇ 'ਚ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਇਕ ਨਿੱਜੀ ਗਹਿਣਿਆਂ ਦੇ ਸ਼ੋਅਰੂਮ 'ਚ ਤਾਇਨਾਤ ਇਕ ਸੁਰੱਖਿਆ ਕਰਮਚਾਰੀ 'ਤੇ ਤਲਵਾਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਮੁਲਜ਼ਮ ਉਸ ਦੀ 12 ਬੋਰ ਦੀ ਸਰਕਾਰੀ ਰਾਈਫਲ ਲੈ ਕੇ ਭੱਜ ਗਏ ਸੀ | ਇਸ ਮਾਮਲੇ 'ਚ ਪੁਲਿਸ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਜ਼ਖਮੀ ਵਿਅਕਤੀ ਦੀ ਪਛਾਣ ਗੁਰਮੁੱਖ ਸਿੰਘ (52) ਵਾਸੀ ਰਾਜਪੁਰਾ ਪਟਿਆਲਾ ਹਾਲ ਵਾਸੀ ਏ. ਕੇ. ਐਸ. ਕਾਲੋਨੀ ਜ਼ੀਰਕਪੁਰ ਵਜੋਂ ਹੋਈ ਹੈ | ਉਹ ਕਾਸਮੋ ਮਾਲ 'ਚ ਸਥਿਤ ਕਿ੍ਸ਼ਨਾ ਜਵੈਲਰਜ਼ 'ਚ ਪ੍ਰਾਈਵੇਟ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ | ਪੀੜਤ ਅਨੁਸਾਰ ਉਹ ਬੀਤੀ 25 ਜਨਵਰੀ ਨੂੰ ਸ਼ਾਮ 6:25 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ 'ਤੇ ਡਿਊਟੀ 'ਤੇ ਜਾ ਰਿਹਾ ਸੀ | ਇਸ ਦੌਰਾਨ ਭਬਾਤ ਰੋਡ 'ਤੇ ਫ਼ੌਜੀ ਢਾਬੇ ਨੇੜੇ ਟ੍ਰੈਫਿਕ ਜਾਮ ਹੋਣ ਕਾਰਨ ਉਸ ਦੇ ਸਹੁਰੇ ਸ਼ੇਰ ਸਿੰਘ ਤੇ 3-4 ਨਕਾਬਪੋਸ਼ ਨੌਜਵਾਨਾਂ ਨੇ ਉਸ 'ਤੇ ਪਿੱਛੇ ਤੋਂ ਹਮਲਾ ਕਰ ਦਿੱਤਾ | ਇਸ ਦੌਰਾਨ ਮੁਲਜ਼ਮ ਉਸ ਦੀ 12 ਬੋਰ ਦੀ ਰਾਈਫਲ ਖੋਹ ਕੇ ਮੌਕੇ ਤੋਂ ਭੱਜ ਗਏ | ਇਸ ਦੌਰਾਨ ਰਾਹਗੀਰਾਂ ਦੀ ਮਦਦ ਨਾਲ ਉਸਨੂੰ ਜ਼ਖਮੀ ਹਾਲਤ 'ਚ ਜੀ. ਐਮ. ਸੀ. ਐਚ. ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ | ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਹਮਲਾ ਘਰੇਲੂ ਝਗੜੇ ਕਾਰਨ ਹੋਇਆ ਸੀ | ਜਾਂਚ ਦੌਰਾਨ ਸਾਹਮਣੇ ਆਇਆ ਕਿ ਪੀੜਤ ਦੇ ਪਤਨੀ ਨਾਲ ਚੱਲ ਰਹੇ ਝਗੜੇ ਕਾਰਨ ਸਹੁਰੇ ਨੇ ਉਸ 'ਤੇ ਹਮਲਾ ਕੀਤਾ ਸੀ | ਇਸ ਮਾਮਲੇ 'ਚ ਪੁਲਿਸ ਨੇ ਇਕ ਮੁਲਜ਼ਮ ਸ਼ੇਰ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ ਚੋਰੀ ਕੀਤੀ ਰਾਈਫਲ ਬਰਾਮਦ ਕਰ ਲਈ ਹੈ | ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ |