ਜ਼ੀਰਕਪੁਰ, 1 ਫਰਵਰੀ (ਮਨਿੰਦਰ ਸਿੰਘ)-ਢਕੌਲੀ 'ਚ ਇਕ ਚਾਰ ਸਾਲਾ ਬੱਚੀ ਨੂੰ ਇਕ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਇਲਾਕੇ 'ਚ ਸਥਿਤੀ ਤਣਾਅਪੂਰਨ ਬਣ ਗਈ | ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਕਥਿਤ ਤੌਰ 'ਤੇ ਡਰਾਈਵਰ ਦੇ ਘਰ 'ਤੇ ਪੱਥਰ ਮਾਰੇ ਤੇ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਸਥਿਤੀ ਜ਼ਿਆਦਾ ਵਿਗੜਨ ਕਾਰਨ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਗਪਗ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਇਆ | ਜਾਣਕਾਰੀ ਅਨੁਸਾਰ ਵਸੰਤ ਵਿਹਾਰ ਫੇਜ਼ 3 ਦੀ ਰਹਿਣ ਵਾਲੀ ਚਾਰ ਸਾਲਾ ਅਨੰਨਿਆ ਸੜਕ 'ਤੇ ਖੇਡਦੇ ਸਮੇਂ ਇਕ ਗੱਡੀ ਨਾਲ ਟਕਰਾ ਗਈ | ਗੱਡੀ ਬੱਚੀ ਦੀ ਲੱਤ 'ਤੇ ਚੜ੍ਹ ਗਈ, ਜਿਸ ਕਾਰਨ ਉਸ ਦੀ ਹੱਡੀ ਟੁੱਟ ਗਈ | ਜ਼ਖਮੀ ਬੱਚੀ ਨੂੰ ਤੁਰੰਤ ਇਲਾਜ ਲਈ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਇਸ ਹਾਦਸੇ ਕਾਰਨ ਕੁੜੀ ਦੇ ਪਰਿਵਾਰਕ ਮੈਂਬਰ ਤੇ ਆਲੇ-ਦੁਆਲੇ ਦੇ ਲੋਕ ਗੁੱਸੇ 'ਚ ਡਰਾਈਵਰ ਦੇ ਘਰ ਪਹੁੰਚ ਗਏ ਅਤੇ ਥੋੜ੍ਹੀ ਦੇਰ 'ਚ ਹੀ 60 ਤੋਂ 70 ਲੋਕਾਂ ਦੀ ਭੀੜ ਇਕੱਠੀ ਹੋ ਗਈ | ਦੋਸ਼ ਹੈ ਕਿ ਭੀੜ ਨੇ ਡਰਾਈਵਰ ਦੇ ਘਰ 'ਤੇ ਪੱਥਰਬਾਜ਼ੀ ਕੀਤੀ ਤੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ | ਡਰਾਈਵਰ ਦਾ ਦੋਸ਼ ਹੈ ਕਿ ਭੀੜ ਨੇ ਉਸ 'ਤੇ ਹਮਲਾ ਕਰਨ ਤੇ ਮਾਰਨ ਦੀ ਵੀ ਕੋਸ਼ਿਸ਼ ਕੀਤੀ | ਡਰ ਦੇ ਮਾਰੇ ਉਸ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਗਪਗ ਇਕ ਘੰਟੇ ਦੀ ਕੋਸ਼ਿਸ਼ ਮਗਰੋਂ ਪੁਲਿਸ ਨੇ ਭੀੜ ਨੂੰ ਸ਼ਾਂਤ ਕਰਵਾਇਆ | ਉਕਤ ਘਟਨਾ ਤੋਂ ਬਾਅਦ ਇਲਾਕੇ 'ਚ ਡਰ ਤੇ ਤਣਾਅ ਦਾ ਮਾਹੌਲ ਬਣ ਗਿਆ | ਸਥਾਨਕ ਵਾਸੀਆਂ ਨੇ ਇਲਾਕੇ 'ਚ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ | ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ |