ਜ਼ੀਰਕਪੁਰ, 1 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਉਸ ਨਾਲ ਸਾਢੇ ਪੰਜ ਲੱਖ ਰੁ. ਦੀ ਠੱਗੀ ਮਾਰਨ ਦੇ ਮਾਮਲੇ 'ਚ ਇਕ ਨਿੱਜੀ ਡਾਟਾ ਐਂਟਰੀ ਕੰਪਨੀ ਦੇ ਅਧਿਕਾਰੀ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਅੱੈਸ. ਐੱਸ. ਪੀ. ਨੂੰ ਦਿੱਤੀ ਸੀ, ਜਿਨ੍ਹਾਂ ਦੇ ਹੁਕਮਾਂ 'ਤੇ ਇਹ ਕੇਸ ਦਰਜ ਕੀਤਾ ਗਿਆ ਹੈ | ਮੁਲਜ਼ਮ ਦੀ ਪਛਾਣ ਜੈਪਾਲ ਵਾਸੀ ਮੁਕੇਰੀਆਂ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਰੇਣੂ ਗੁਪਤਾ ਵਾਸੀ ਮਾਇਆ ਗਾਰਡਨ ਸਿਟੀ ਨੇ ਦੱਸਿਆ ਕਿ 4 ਜੁਲਾਈ, 2025 ਨੂੰ ਉਸ ਨੇ ਜੀ. ਵੀ. ਟੀ. ਡਾਟਾ ਐਂਟਰੀ ਨਾਮਕ ਇਕ ਕੰਪਨੀ ਦੇ ਪ੍ਰਤੀਨਿਧੀ ਜੈਪਾਲ ਸ਼ਰਮਾ ਨਾਲ 60 ਸੀਟਾਂ 'ਤੇ ਟਾਈਪਿੰਗ ਦੇ ਕੰਮ ਲਈ ਇਕਰਾਰਨਾਮੇ 'ਤੇ ਸਮਝੌਤਾ ਕੀਤਾ ਸੀ ਅਤੇ ਇਸ ਸਮਝੌਤੇ ਤਹਿਤ ਕੰਪਨੀ ਨੂੰ ਸਮੇਂ ਸਿਰ ਕੰਮ ਪ੍ਰਦਾਨ ਕਰਨਾ ਤੇ ਮਹੀਨਾਵਾਰ ਭੁਗਤਾਨ ਕਰਨਾ ਲਾਜ਼ਮੀ ਸੀ | ਇਹ ਦੋਸ਼ ਹੈ ਕਿ 5.50 ਲੱਖ ਦਾ ਨਿਵੇਸ਼ ਪ੍ਰਾਪਤ ਕਰਨ ਤੋਂ ਬਾਅਦ ਕੰਪਨੀ ਨੇ ਨਾ ਤਾਂ ਕੰਮ ਦਿੱਤਾ ਤੇ ਨਾ ਹੀ ਸਮਝੌਤੇ ਵਾਲੀਆਂ ਸ਼ਰਤਾਂ ਦੀ ਪਾਲਣਾ ਕੀਤੀ | ਰੇਣੂ ਗੁਪਤਾ ਦਾ ਦਾਅਵਾ ਹੈ ਕਿ ਸਤੰਬਰ ਤੇ ਅਕਤੂਬਰ ਦੇ ਮਹੀਨਿਆਂ ਦੇ ਭੁਗਤਾਨਾਂ ਸਮੇਤ ਕੁੱਲ 12 ਲੱਖ 99 ਹਜ਼ਾਰ 232 ਰੁ. ਦਾ ਭੁਗਤਾਨ ਕੰਪਨੀ ਨੂੰ ਕੀਤਾ ਗਿਆ ਸੀ | ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਇਕਰਾਰਨਾਮਾ ਧੋਖਾਧੜੀ ਵਾਲਾ ਸੀ, ਜਿਸ ਸੰਬੰਧੀ ਪੀੜਤ ਨੇ 28 ਨਵੰਬਰ, 2025 ਨੂੰ ਜ਼ੀਰਕਪੁਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਤੇ ਜਾਂਚ ਅਧਿਕਾਰੀ ਤੇ ਥਾਣਾ ਮੁਖੀ ਨੇ ਦਸਤਖਤ ਕੀਤੇ ਸਨ, ਪਰ ਇਕ ਮਹੀਨਾ ਬੀਤਣ ਦੇ ਬਾਵਜੂਦ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ ਹੈ | ਹੁਣ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇਣ ਤੋਂ ਬਾਅਦ ਉਨ੍ਹਾਂ ਦੇ ਹੁਕਮਾਂ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |