ਐੱਸ. ਏ. ਐੱਸ. ਨਗਰ, 1 ਫਰਵਰੀ (ਕਪਿਲ ਵਧਵਾ)-ਖਰੜ ਸਥਿਤ ਇਕ ਨਿੱਜੀ ਯੂਨੀਵਰਸਿਟੀ ਦੀ ਮਹਿਲਾ ਐਚ. ਆਰ. ਕਰਮਚਾਰੀ ਨੂੰ ਈ-ਮੇਲ ਰਾਹੀਂ ਝੂਠੇ ਅਤੇ ਅਪਮਾਨਜਨਕ ਦੋਸ਼ ਲਗਾ ਕੇ ਬਦਨਾਮ ਕਰਨ ਦੇ ਇਕ ਮਾਮਲੇ 'ਚ ਮੁਹਾਲੀ ਦੇ ਫੇਜ਼-7 ਸਥਿਤ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਦਾਨਿਸ਼ ਜੈਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 240, 79, 212 ਅਤੇ 356 (1) ਸਮੇਤ ਆਈ. ਟੀ. ਐਕਟ ਦੀ ਧਾਰਾ 67 ਤਹਿਤ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 24 ਮਾਰਚ 2025 ਨੂੰ ਦਾਨਿਸ਼ ਜੈਨ ਨਾਮਕ ਕਰਮਚਾਰੀ ਵਲੋਂ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਕ ਈ-ਮੇਲ ਭੇਜੀ ਗਈ ਸੀ, ਜਿਸ 'ਚ ਇਕ ਸੀਨੀਅਰ ਅਧਿਕਾਰੀ ਵਲੋਂ ਸ਼ਿਕਾਇਤਕਰਤਾ ਮਹਿਲਾ ਨਾਲ ਕਥਿਤ ਤੌਰ 'ਤੇ ਸਰੀਰਕ ਸ਼ੋਸ਼ਣ ਕੀਤੇ ਜਾਣ ਦੇ ਗੰਭੀਰ ਦੋਸ਼ ਲਗਾਏ ਗਏ | ਇਹ ਈ-ਮੇਲ ਕੁਝ ਹੀ ਸਮੇਂ 'ਚ ਯੂਨੀਵਰਸਿਟੀ ਸਟਾਫ 'ਚ ਵਾਇਰਲ ਹੋ ਗਈ, ਜਿਸ ਕਾਰਨ ਮਹਿਲਾ ਕਰਮਚਾਰੀ ਦੀ ਨਿੱਜੀ ਅਤੇ ਪੇਸ਼ੇਵਰ ਸਾਖ ਨੂੰ ਭਾਰੀ ਨੁਕਸਾਨ ਪੁੱਜਿਆ | ਸ਼ਿਕਾਇਤਕਰਤਾ ਮਹਿਲਾ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਸਾਲ 2023 ਤੋਂ ਯੂਨੀਵਰਸਿਟੀ ਦੇ ਐਚ. ਆਰ. ਵਿਭਾਗ ਵਿਚ ਸੇਵਾ ਨਿਭਾ ਰਹੀ ਹੈ ਅਤੇ ਈ-ਮੇਲ 'ਚ ਲਗਾਏ ਗਏ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ, ਮਨਘੜੰਤ ਅਤੇ ਬੇਬੁਨਿਆਦ ਹਨ | ਉਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਉਸਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਉਸਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੀ ਨੀਅਤ ਨਾਲ ਕੀਤੀ ਗਈ ਹੈ | ਸਾਈਬਰ ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ ਈ-ਮੇਲ ਸਰੋਤ, ਡਿਜ਼ੀਟਲ ਸਬੂਤਾਂ ਅਤੇ ਸੋਸ਼ਲ ਮੀਡੀਆ ਰਾਹੀਂ ਫੈਲਾਈ ਗਈ ਸਮੱਗਰੀ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ | ਨਾਲ ਹੀ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਵੀ ਯਤਨ ਤੇਜ਼ ਕਰ ਦਿੱਤੇ ਗਏ ਹਨ | ਇਸ ਦਰਮਿਆਨ ਨਾਮਜ਼ਦ ਦਾਨਿਸ਼ ਜੈਨ ਵਲੋਂ ਮੁਹਾਲੀ ਅਦਾਲਤ 'ਚ ਐਂਟੀਸਪੇਟਰੀ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਗਈ ਹੈ ਜੋ ਕਿ ਇਸ ਵੇਲੇ ਅਦਾਲਤ 'ਚ ਵਿਚਾਰ ਅਧੀਨ ਹੈ |