ਪੰਚਕੂਲਾ, 1 ਫਰਵਰੀ (ਕਪਿਲ)-ਪੰਚਕੂਲਾ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਵਿੱਤ ਮੰਤਰੀ ਵਲੋਂ ਸੰਸਦ 'ਚ ਪੇਸ਼ ਕੀਤੇ ਗਏ ਆਮ ਬਜਟ ਨੂੰ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਬਿਤ ਕਰਨ ਵਾਲਾ ਦੂਰਅੰਦੇਸ਼ੀ ਤੇ ਇਤਿਹਾਸਕ ਦਸਤਾਵੇਜ਼ ਦੱਸਦਿਆਂ ਕਿਹਾ ਕਿ ਇਹ ਬਜਟ ਅਸਲ ਮਾਇਨਿਆਂ 'ਚ ਜਨਹਿਤ ਅਤੇ ਅੰਤਯੋਦਯ ਦੀ ਭਾਵਨਾ ਨੂੰ ਸਮਰਪਿਤ ਹੈ | ਉਨ੍ਹਾਂ ਕਿਹਾ ਕਿ ਇਸ ਸਮਾਵੇਸ਼ੀ ਬਜਟ ਨਾਲ ਹਰਿਆਣਾ 'ਚ ਉਦਯੋਗਿਕ, ਇੰਫ੍ਰਾਸਟਰਕਚਰ, ਐੱਮ. ਐੱਸ. ਐੱਮ. ਈ., ਬਾਇਓ-ਫਾਰਮਾ, ਸਿਹਤ, ਖੇਤੀਬਾੜੀ ਅਤੇ ਖੇਡ ਖੇਤਰ ਨੂੰ ਹੋਰ ਤੇਜ਼ੀ ਮਿਲੇਗੀ | ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ 'ਸਭਕਾ ਸਾਥ, ਸਭਕਾ ਵਿਕਾਸ' ਦੀ ਭਾਵਨਾ ਨੂੰ ਸਾਕਾਰ ਕਰਦਾ ਹੈ | ਉਨ੍ਹਾਂ ਇਸ ਜਨਕਲਿਆਣਕਾਰੀ ਬਜਟ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਜ਼ਿਲ੍ਹਾ ਪ੍ਰਧਾਨ ਅਜੈ ਮਿਤਲ, ਹਰਿਆਣਾ ਸ਼ਿਵਾਲਿਕ ਵਿਕਾਸ ਬੋਰਡ ਦੇ ਉਪ ਪ੍ਰਧਾਨ ਓਮ ਪ੍ਰਕਾਸ਼ ਦੇਵੀਨਗਰ, ਸੂਬਾ ਪ੍ਰਧਾਨ ਬੰਟੋ ਕਟਾਰੀਆ, ਸਾਬਕਾ ਮੇਅਰ ਕੁਲਭੂਸ਼ਣ ਗੋਇਲ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਣ ਅਤਰੇ ਸਮੇਤ ਹੋਰ ਪਤਵੰਤੇ ਮੌਜੂਦ ਸਨ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਥਾਨਕ ਸੈਕਟਰ-15 ਸਥਿਤ ਸ੍ਰੀ ਗੁਰੂ ਰਵਿਦਾਸ ਭਵਨ ਪਹੁੰਚ ਕੇ ਨਤਮਸਤਕ ਹੋਏ ਤੇ ਸੂਬਾ ਵਾਸੀਆਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਪੰਚਕੂਲਾ ਵਲੋਂ ਮੁੱਖ ਮੰਤਰੀ ਸੈਣੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |