ਚੰਡੀਗੜ੍ਹ, 3 ਫਰਵਰੀ (ਸੰਦੀਪ ਕੁਮਾਰ ਮਾਹਨਾ)ਚੰਡੀਗੜ੍ਹ 'ਚ ਬਿਜਲੀ ਵੰਡ ਨੈੱਟਵਰਕ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ 'ਚ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਕਰ ਲਿਆ ਹੈ | ਇਸ ਦੌਰਾਨ ਨੈੱਟਵਰਕ ਮਜ਼ਬੂਤੀ ਅਤੇ ਲੋਡ ਸ਼ੈਡਿੰਗ 'ਚ ਵੱਡੀ ਕਮੀ ਦੇ ਨਾਲ ਹੀ ਯੂ.ਟੀ ਪ੍ਰਸ਼ਾਸਨ ਵਲੋਂ ਫ਼ਾਈਨਲ ਇਲੈਕਟਿ੍ਸਿਟੀ ਡਿਸਟ੍ਰੀਬਿਊਸ਼ਨ ਟ੍ਰਾਂਸਫਰ ਸਕੀਮ ਦੀ ਅਧਿਸੂਚਨਾ ਵੀ ਜਾਰੀ ਕੀਤੀ ਗਈ ਹੈ | ਸੀ. ਪੀ. ਡੀ. ਐੱਲ. ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਬਿਜਲੀ ਕਟੌਤੀਆਂ 'ਚ ਇਤਿਹਾਸਕ ਕਮੀ ਦਰਜ ਕੀਤੀ ਗਈ ਹੈ | ਵਿੱਤੀ ਵਰ੍ਹੇ 2025-26 ਦੌਰਾਨ (ਅਪ੍ਰੈਲ ਤੋਂ ਜਨਵਰੀ ਤੱਕ) ਲੋਡ ਸ਼ੈਡਿੰਗ ਦੀਆਂ ਘਟਨਾਵਾਂ 'ਚ ਲਗਪਗ 86 ਫ਼ੀਸਦੀ ਦੀ ਕਮੀ ਆਈ ਹੈ | ਇਸ ਅਰਸੇ ਦੌਰਾਨ ਆਉਟੇਜ ਦੀ ਗਿਣਤੀ 1276 ਤੋਂ ਘਟ ਕੇ ਸਿਰਫ਼ 179 ਰਹਿ ਗਈ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ | ਸਰਦੀਆਂ ਦੇ ਚਰਮ ਸਮੇਂ ਦੌਰਾਨ ਬਿਜਲੀ ਸਪਲਾਈ ਦੀ ਸਥਿਰਤਾ ਵਿਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲਿਆ | ਦਸੰਬਰ 2025 'ਚ ਸਿਸਟਮ ਐਵਰੇਜ ਇੰਟਰਪਸ਼ਨ ਫਿ੍ਕਵੈਂਸੀ ਇੰਡੈਕਸ ਵਿਚ 43 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ, ਜਦਕਿ ਸਿਸਟਮ ਐਵਰੇਜ ਇੰਟਰਪਸ਼ਨ ਡਿਊਰੇਸ਼ਨ ਇੰਡੈਕਸ 'ਚ 53 ਫੀਸਦੀ ਦੀ ਕਮੀ ਆਈ, ਜੋ ਕਿ ਆਉਟੇਜ ਦੀ ਮਿਆਦ ਨੂੰ ਮਾਪਣ ਵਾਲਾ ਮਹੱਤਵਪੂਰਨ ਮਾਪਦੰਡ ਹੈ | 24 ਘੰਟੇ ਚੱਲਣ ਵਾਲੇ ਸੈਂਟ੍ਰਲ ਕਮਾਂਡ ਸੈਂਟਰ ਰਾਹੀਂ ਰੀਅਲ ਟਾਈਮ ਮਾਨੀਟਰਿੰਗ ਅਤੇ ਤੁਰੰਤ ਬਿਜਲੀ ਸਪਲਾਈ ਬਹਾਲ ਕਰਨ ਦੀ ਵਿਵਸਥਾ ਕੀਤੀ ਗਈ | ਵਧਦੀ ਬਿਜਲੀ ਮੰਗ ਨੂੰ ਧਿਆਨ 'ਚ ਰੱਖਦਿਆਂ ਆਈਟੀ ਪਾਰਕ, ਇੰਡਸਟਰੀਅਲ ਏਰੀਆ ਫੇਜ਼-1 ਅਤੇ ਫੇਜ਼-2 ਅਤੇ ਸੈਕਟਰ-52 'ਚ 20 ਐਮ.ਵੀ.ਏ ਸਮਰੱਥਾ ਵਾਲੇ ਚਾਰ ਨਵੇਂ ਪਾਵਰ ਟ੍ਰਾਂਸਫਾਰਮਰ ਲਗਾ ਕੇ ਕੁੱਲ 80 ਐਮ.ਵੀ.ਏ ਸਮਰੱਥਾ ਵਿਚ ਵਾਧਾ ਕੀਤਾ ਗਿਆ | ਸੀ.ਪੀ.ਡੀ.ਐਲ ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਪਹਿਲੇ ਸਾਲ ਦੌਰਾਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਲੰਬੇ ਸਮੇਂ ਤੋਂ ਚੱਲ ਰਹੀਆਂ ਤਕਨੀਕੀ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਬਿਜਲੀ ਪ੍ਰਣਾਲੀ ਨੂੰ ਹੋਰ ਭਰੋਸੇਯੋਗ ਬਣਾਉਣ 'ਤੇ ਕੇਂਦਰਿਤ ਯਤਨ ਕੀਤੇ ਗਏ | ਉਨ੍ਹਾਂ ਕਿਹਾ ਕਿ ਡਾਟਾ-ਅਧਾਰਿਤ ਅਤੇ ਸਮੈਕਤ ਦਿ੍ਸ਼ਟੀਕੋਣ ਕਾਰਨ ਹੀ ਲੋਡ ਸ਼ੈਡਿੰਗ ਵਿਚ ਵੱਡੀ ਕਮੀ ਸੰਭਵ ਹੋ ਸਕੀ ਹੈ | ਇਕ ਸਾਲ ਦੇ ਅਰਸੇ ਦੌਰਾਨ 6632 ਨਵੇਂ ਬਿਜਲੀ ਕਨੈਕਸ਼ਨ ਜਾਰੀ ਕੀਤੇ ਗਏ, ਜਿਨ੍ਹਾਂ ਵਿਚੋਂ ਬਹੁਤੇ ਕੁਨੈਕਸ਼ਨ ਭੁਗਤਾਨ ਤੋਂ ਤਿੰਨ ਦਿਨਾਂ ਦੇ ਅੰਦਰ ਉਪਲਬਧ ਕਰਵਾ ਦਿੱਤੇ ਗਏ | ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਇਲਾਕਿਆਂ 'ਚ ਲਗਾਏ ਗਏ ਕੈਂਪਾਂ ਦੌਰਾਨ 1154 ਨਵੀਆਂ ਅਰਜ਼ੀਆਂ ਮਿਲੀਆਂ, ਜਿਨ੍ਹਾਂ ਨੂੰ ਮੌਕੇ 'ਤੇ ਹੀ ਨਿਪਟਾਇਆ ਗਿਆ | ਟੈਕਨਾਲੋਜੀ ਦੇ ਵਿਆਪਕ ਉਪਯੋਗ ਨੂੰ ਵੀ ਸੀ.ਪੀ.ਡੀ.ਐੱਲ. ਵਲੋਂ ਤਰਜੀਹ ਦਿੱਤੀ ਗਈ | ਲਗਪਗ 7000 ਖ਼ਰਾਬ ਮੀਟਰ ਬਦਲੇ ਜਾਣ ਕਾਰਨ ਪ੍ਰੋਵਿਜ਼ਨਲ ਬਿਲਿੰਗ ਵਿਚ ਕਰੀਬ 50 ਫ਼ੀਸਦੀ ਦੀ ਕਮੀ ਦਰਜ਼ ਕੀਤੀ ਗਈ ਹੈ | ਸੀ.ਪੀ.ਡੀ.ਐੱਲ. ਵਲੋਂ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਨਿਯਮਿਤ ਮੇਨਟੇਨੈਂਸ ਅਭਿਆਨਾਂ ਰਾਹੀਂ ਤਿਆਰੀਆਂ ਜਾਰੀ ਹਨ ਤਾਂ ਜੋ ਚੰਡੀਗੜ੍ਹ ਵਾਸੀਆਂ ਨੂੰ ਬਿਨਾਂ ਰੁਕਾਵਟ ਅਤੇ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ |