ਚੰਡੀਗੜ੍ਹ, 3 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਤੇ ਚੰਡੀਗੜ੍ਹ ਵਿਚ ਤੇਲ, ਗੈਸ ਅਤੇ ਹੋਰ ਇੰਧਣਾਂ ਨੂੰ ਬਚਾਉਣ ਲਈ ਮਨਾਏ ਜਾਂਦੇ ਪੰਦਰਵਾੜੇ 'ਸਕਸ਼ਮ 2026' ਦਾ ਮੁੱਖ ਸਮਾਗਮ ਰਾਣੀ ਲੱਛਮੀ ਬਾਈ ਭਵਨ ਸੈਕਟਰ 38 ਚੰਡੀਗੜ੍ਹ ਵਿਚ ਕਰਾਇਆ ਗਿਆ, ਜਿਸ ਦਾ ਉਦਘਾਟਨ ਯੂ.ਟੀ. ਪ੍ਰਸ਼ਾਸਨ ਦੇ ਵਿੱਤ ਅਤੇ ਟਰਾਂਸਪੋਰਟ ਸਕੱਤਰ ਦਿਪ੍ਰਵਾ ਲਾਕਰਾ ਆਈ.ਏ.ਐਸ ਵਲੋਂ ਕੀਤਾ ਗਿਆ | ਤੇਲ ਤੇ ਗੈਸ ਉਦਯੋਗ ਦੇ ਸਰਕਾਰੀ ਅਦਾਰਿਆਂ ਵਲੋਂ 15 ਫਰਵਰੀ ਤੱਕ ਮਨਾਏ ਜਾਂਦੇ ਈਧਣ ਬਚਾਓ ਪੰਦ੍ਹਰਵਾੜੇ ਦਾ ਉਦੇਸ਼ ਲੋਕਾਂ ਨੂੰ ਪੈਟਰੋਲੀਅਮ ਪਦਾਰਥਾਂ ਨੂੰ ਬਚਾਉਣ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ | ਪੰਜਾਬ ਅਤੇ ਚੰਡੀਗੜ੍ਹ ਦੇ ਤੇਲ ਤੇ ਗੈਸ ਉਦਯੋਗ ਨਾਲ ਜੁੜੇ ਅਦਾਰਿਆਂ ਦੀ ਸਾਂਝੀ ਸੰਸਥਾ 'ਸਟੇਟ ਲੇਵਲ ਕੋਆਰਡੀਨੇਟਜ਼' ਵੱਲੋਂ ਕਰਾਏ ਸਕਸ਼ਮ 2026 ਦੇ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ, ਜਿਸ ਉਨ੍ਹਾਂ ਕਿਹਾ ਕਿ ਇਹ ਸਮਾਗਮ ਪੈਟਰੋਲੀਅਮ ਪਦਾਰਥਾਂ ਨੂੰ ਬਚਾਉਣ ਲਈ ਪ੍ਰੇਰਿਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ | ਮੁੱਖ ਮਹਿਮਾਨ ਲਾਕਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀ ਸੁਰੱਖਿਆ ਕਰਨਾ ਅਹਿਮ ਲੋੜ ਹੈ, ਤਾਂ ਜੋ ਹੋਰਨਾਂ ਮੁਲਕਾਂ ਤੋਂ ਮੰਗਾਏ ਜਾਂਦੇ ਪਦਾਰਥਾਂ ਦੀ ਵਰਤੋਂ ਘੱਟ ਹੋਵੇ ਅਤੇ ਮਹਿੰਗੀ ਵਿਦੇਸ਼ੀ ਮੁਦਰਾ ਨੂੰ ਬਚਾਇਆ ਜਾ ਸਕੇ | ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਪੰਜਾਬ ਪ੍ਰਮੁੱਖ ਤੇ ਸਮਾਗਮ ਦੇ ਸੰਯੋਜਕ ਆਸ਼ੂਤੋਸ਼ ਗੁਪਤਾ ਨੇ ਦੱਸਿਆ ਕਿ ਟਰਾਂਸਪੋਰਟ, ਖੇਤੀ, ਉਦਯੋਗ ਅਤੇ ਘਰੇਲੂ ਆਦਿ ਖੇਤਰ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਤੇਲ ਅਤੇ ਗੈਸ ਬਚਾਉਣ ਲਈ ਵੱਖ ਵੱਖ ਗਤੀਵਿਧੀਆਂ ਰਾਹੀਂ ਸਮਝਾਇਆ ਜਾਵੇਗਾ | ਇਸ ਮੌਕੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਖੇਤਰੀ ਅਧਿਕਾਰੀ ਸੁਸ਼ਾਂਤ ਗੋਇਲ, ਗੈਸ ਅਥਾਰਿਟੀ ਆਫ਼ ਇੰਡੀਆ ਲਿਮਟਿਡ ਦੇ ਖੇਤਰੀ ਅਧਿਕਾਰੀ ਆਕਾਸ਼ ਭਵਨ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਡੀਜੀਐਮ ਰਾਮ ਲਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ |