ਡੇਰਾਬੱਸੀ, 3 ਫਰਵਰੀ (ਗੁਰਮੀਤ ਸਿੰਘ)-ਪਿੰਡ ਖੇੜੀ ਗੱੁਜਰਾਂ ਵਿਖੇ ਇਕ 27 ਸਾਲਾ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਨੌਜਵਾਨ ਮਾਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ 'ਚ ਚੱਲ ਰਿਹਾ ਸੀ | ਅੱਜ ਤੜਕੇ ਨੌਜਵਾਨ ਨੇ ਪਿੰਡ ਗੁੱਜਰਾਂ ਸਥਿਤ ਆਪਣੇ ਘਰ ਵਿਖੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਸਵ. ਫੂਲ ਚੰਦ ਵਾਸੀ ਪਿੰਡ ਖੇੜੀ ਗੁੱਜਰਾਂ (ਡੇਰਾਬੱਸੀ) ਵਜੋਂ ਹੋਈ ਹੈ | ਭਲਕੇ ਮਿ੍ਤਕ ਦੇ ਸਾਲੇ ਦਾ ਵਿਆਹ ਸੀ, ਜਿਸ ਕਰਕੇ ਪਿੰਡ ਸਮੇਤ ਮਿ੍ਤਕ ਦੇ ਸਹੁਰੇ ਘਰ 'ਚ ਮਾਤਮ ਛਾ ਗਿਆ | ਮਿ੍ਤਕ ਦਾ ਢਾਈ ਸਾਲ ਦਾ ਲੜਕਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਮੁਬਾਰਕਪੁਰ ਸੜਕ 'ਤੇ ਸਥਿਤ ਪੀ. ਸੀ. ਸੀ. ਪੀ. ਐੱਲ. ਕੈਮੀਕਲ ਫੈਕਟਰੀ 'ਚ ਕੰਮ ਕਰਦਾ ਸੀ | ਪਰਿਵਾਰਕ ਮੈਂਬਰਾਂ ਮੁਤਾਬਿਕ ਕੁਲਦੀਪ ਸਿੰਘ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਜਦਕਿ ਕਰੀਬ 6 ਮਹੀਨੇ ਪਹਿਲਾਂ ਕੁਲਦੀਪ ਸਿੰਘ ਦੀ ਮਾਂ ਦੀ ਮੌਤ ਹੋ ਗਈ ਸੀ, ਜਿਸ ਮਗਰੋਂ ਕੁਲਦੀਪ ਡਿਪਰੈਸ਼ਨ 'ਚ ਚਲਾ ਗਿਆ ਸੀ | ਪਿੰਡ ਵਾਸੀਆਂ ਨੇ ਦੱਸਿਆ ਕਿ ਕੁਲਦੀਪ ਦੇ ਸਾਲੇ ਦੀ ਭਲਕੇ ਬਰਾਤ ਚੜ੍ਹਨੀ ਸੀ | ਕੁਲਦੀਪ ਸਿੰਘ ਬੀਤੇ ਦਿਨੀਂ ਆਪਣੀ ਪਤਨੀ ਅਤੇ ਲੜਕੇ ਨੂੰ ਸਹੁਰੇ ਪਿੰਡ ਛੱਡ ਕੇ ਵਾਪਸ ਆ ਗਿਆ ਸੀ | ਰਾਤ ਨੂੰ ਉਹ ਆਪਣੇ ਕਮਰੇ 'ਚ ਸੌਂਣ ਲਈ ਚਲਾ ਗਿਆ ਸੀ | ਉਸ ਸਮੇਂ ਘਰ 'ਚ ਉਸ ਦਾ ਚਾਚਾ ਅਤੇ ਭੂਆ ਮੌਜੂਦ ਸੀ | ਸਵੇਰੇ ਉਸ ਦਾ ਚਾਚਾ ਜਦੋਂ ਪਸ਼ੂਆਂ ਨੂੰ ਪੱਠੇ ਪਾਉਣ ਲਈ ਉੱਠਿਆ ਤਾਂ ਉਸ ਨੇ ਕੁਲਦੀਪ ਸਿੰਘ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਲਦੀਪ ਨੇ ਕਮਰੇ ਦਾ ਦਰਵਾਜਾ ਨਹੀਂ ਖੋਲਿ੍ਹਆ | ਉਨ੍ਹਾਂ ਜਦੋਂ ਧੱਕਾ ਮਾਰ ਕੇ ਦਰਵਾਜ਼ਾ ਖੋਲਿ੍ਹਆ ਤਾਂ ਕਮਰੇ ਦੇ ਅੰਦਰ ਕੁਲਦੀਪ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ | ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਉਸ ਨੂੰ ਫਾਹੇ ਤੋਂ ਉਤਾਰ ਕੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਇਸ ਘਟਨਾ ਕਾਰਨ ਕੁਲਦੀਪ ਸਿੰਘ ਦੇ ਪਿੰਡ ਅਤੇ ਸਹੁਰੇ ਪਰਿਵਾਰ 'ਚ ਮਾਤਮ ਛਾ ਗਿਆ |