ਐੱਸ. ਏ. ਐੱਸ. ਨਗਰ, 3 ਫਰਵਰੀ (ਪ੍ਰੋ. ਅਵਤਾਰ ਸਿੰਘ)-ਮਾਨਵਤਾ ਦੀ ਸੇਵਾ 'ਚ ਸਮਰਪਿਤ ਸੋਹਾਣਾ ਹਸਪਤਾਲ (ਮੁਹਾਲੀ) ਵਲੋਂ ਮਰੀਜ਼ਾਂ ਦੀ ਤੰਦਰੁਸਤੀ ਲਈ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ 'ਕੈਂਸਰ ਜਾਗਰੂਕਤਾ ਮਹੀਨੇ' ਸੰਬੰਧੀ ਹਸਪਤਾਲ ਵਲੋਂ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ 1 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਪੂਰਾ ਮਹੀਨਾ ਕੈਂਸਰ ਮਾਹਿਰਾਂ ਵਲੋਂ ਮੁਫ਼ਤ ਸਲਾਹ-ਮਸ਼ਵਰਾ ਦਿੱਤਾ ਜਾਵੇਗਾ | ਇਸ ਉਪਰਾਲੇ ਦਾ ਮੁੱਖ ਮਕਸਦ ਕੈਂਸਰ ਦੀ ਜਲਦੀ ਪਛਾਣ ਕਰਨਾ ਅਤੇ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣਾ ਹੈ | ਸੋਹਾਣਾ ਹਸਪਤਾਲ ਵਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ 2 ਤੋਂ 4 ਫਰਵਰੀ ਤੱਕ ਮੁਫ਼ਤ ਮੈਂਮੋਗ੍ਰਾਫੀ ਕੈਂਪ ਵੀ ਲਗਾਇਆ ਗਿਆ, ਜਿਸ ਦੌਰਾ^ਨ ਔਰਤਾਂ ਨੂੰ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਅਤਿ-ਆਧੁਨਿਕ ਮਸ਼ੀਨਾਂ ਰਾਹੀਂ ਸਕਰੀਨਿੰਗ ਕੀਤੀ ਗਈ | ਵੱਡੀ ਗਿਣਤੀ 'ਚ ਔਰਤਾਂ ਨੇ ਇਸ ਕੈਂਪ ਦਾ ਲਾਭ ਉਠਾਉਂਦਿਆਂ ਮਾਹਿਰ ਡਾਕਟਰਾਂ ਤੋਂ ਮਾਰਗ-ਦਰਸ਼ਨ ਪ੍ਰਾਪਤ ਕੀਤਾ | ਇਸ ਮੌਕੇ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਓਨਕੋਲੋਜੀ ਡਾ. ਗੌਤਮ ਗੋਇਲ ਨੇ ਕਿਹਾ ਕਿ ਅਕਸਰ ਲੋਕ ਡਰ ਕਾਰਨ ਜਾਂਚ 'ਚ ਦੇਰੀ ਕਰ ਦਿੰਦੇ ਹਨ, ਜੋ ਕਿ ਖ਼ਤਰਨਾਕ ਸਾਬਿਤ ਹੁੰਦੀ ਹੈ | ਇਸ ਲਈ ਪੂਰਾ ਫਰਵਰੀ ਮਹੀਨਾ ਚੱਲਣ ਵਾਲੀ ਇਸ ਸੁਵਿਧਾ ਦਾ ਮਰੀਜ਼ ਨੂੰ ਵੱਧ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ | ਇਸੇ ਦੌਰਾਨ ਹਸਪਤਾਲ ਦੇ ਟਰੱਸਟ ਸਕੱਤਰ ਗੁਰਮੀਤ ਸਿੰਘ ਨੇ ਹਸਪਤਾਲ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੋਹਾਣਾ ਹਸਪਤਾਲ ਦਾ ਉਦੇਸ਼ ਸਿਰਫ਼ ਇਲਾਜ ਕਰਨਾ ਨਹੀਂ, ਸਗੋਂ ਮਰੀਜ਼ਾਂ 'ਚ ਜਿਊਣ ਦੀ ਉਮੀਦ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਸੋਹਾਣਾ ਹਸਪਤਾਲ ਆਧੁਨਿਕ ਤਕਨੀਕ ਅਤੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਕੈਂਸਰ ਵਿਰੁੱਧ ਜੰਗ 'ਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ |