ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਡੇਰਾਬੱਸੀ ਦਾ ਇਕਲੌਤਾ ਕਮਿਊਨਿਟੀ ਸੈਂਟਰ ਚੱਲ ਰਿਹਾ 'ਰਾਮ ਭਰੋਸੇ' <br/>
ਅਜੀਤ ਡੈਸਕ
05-02-2026
ਨਗਰ ਕੌਂਸਲ ਦੀ ਕਾਰਗੁਜ਼ਾਰੀ 'ਦੀਵੇ ਥੱਲ੍ਹੇ ਹਨ੍ਹੇਰਾ' ਵਾਲੀ-
ਇਹ ਘਟਨਾ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ | ਸ਼ਹਿਰ 'ਚ ਕੋਈ ਵੀ ਨਿੱਜੀ ਜਾਂ ਵਪਾਰਕ ਇਮਾਰਤ ਬਣਾਉਣ ਤੋਂ ਪਹਿਲਾਂ ਨਗਰ ਕੌਂਸਲ ਦੇ ਫਾਇਰ ਬਿ੍ਗੇਡ ਵਿਭਾਗ ਤੋਂ ਐੱਨ. ਓ. ਸੀ. ਲੈਣੀ ਲਾਜ਼ਮੀ ਹੁੰਦੀ ਹੈ ਤੇ ਅਧਿਕਾਰੀ ਬਕਾਇਦਾ ਨਿਰੀਖਣ ਕਰਦੇ ਹਨ, ਪ੍ਰੰਤੂ 'ਦੀਵੇ ਥੱਲ੍ਹੇ ਹਨੇ੍ਹਰਾ' ਵਾਲੀ ਕਹਾਵਤ ਨੂੰ ਸੱਚ ਕਰਦਿਆਂ ਨਗਰ ਕੌਂਸਲ ਨੇ ਆਪਣੀ ਹੀ ਇਮਾਰਤ 'ਚ ਅੱਗ ਤੋਂ ਬਚਾਅ ਦਾ ਕੋਈ ਪ੍ਰਬੰਧ ਨਹੀਂ ਕੀਤਾ | ਅੱਧਾ ਕਰੋੜ ਰੁ. ਖ਼ਰਚਣ ਦੇ ਦਾਅਵਿਆਂ ਦੇ ਬਾਵਜੂਦ ਸੁਰੱਖਿਆ ਪੱਖੋਂ ਇਮਾਰਤ ਕਮਜ਼ੋਰ ਹੋਣਾ ਭਿ੍ਸ਼ਟਾਚਾਰ ਅਤੇ ਲਾਪ੍ਰਵਾਹੀ ਵੱਲ ਇਸ਼ਾਰਾ ਕਰਦਾ ਹੈ |
ਸਿਆਸੀ ਆਗੂਆਂ ਨੇ ਘੇਰਿਆ ਪ੍ਰਸ਼ਾਸਨ-
ਇਸ ਘਟਨਾ ਸੰਬੰਧੀ ਗੱਲਬਾਤ ਕਰਦਆਂ ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਿਤ ਹੋ ਰਹਿ ਗਈ ਹੈ | ਜੇਕਰ ਬੀਤੀ ਰਾਤ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਕਮਿਊਨਿਟੀ ਸੈਂਟਰ 'ਤੇ ਖ਼ਰਚੇ ਗਏ ਫ਼ੰਡਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ | ਇਸੇ ਦੌਰਾਨ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਨਗਰ ਕੌਂਸਲ ਦੀ ਬਹੁਤ ਵੱਡੀ ਲਾਪ੍ਰਵਾਹੀ ਹੈ | ਫਾਇਰ ਸਿਸਟਮ ਨੂੰ ਅਣਗੌਲਿਆ ਕਰਨਾ ਸਿੱਧੇ ਤੌਰ 'ਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਹੈ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਿਨਾਂ ਕਿਸੇ ਦੇਰੀ ਤੋਂ ਫਾਇਰ ਸੇਫ਼ਟੀ ਨਿਯਮਾਂ ਤਹਿਤ ਇਥੇ ਉਪਕਰਨ ਉਪਲੱਬਧ ਕਰਵਾਏ ਜਾਣ | ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਇਨਸਾਨੀ ਜਾਨ ਦੀ ਕੀਮਤ ਪੈਸੇ ਨਾਲ ਨਹੀਂ ਤੋਲੀ ਜਾ ਸਕਦੀ | ਸੁਰੱਖਿਆ ਨਿਯਮਾਂ ਨੂੰ ਛਿੱਕੇ ਟੰਗਣਾ ਗੰਭੀਰ ਅਪਰਾਧ ਹੈ | ਨਗਰ ਕੌਂਸਲ ਨੂੰ ਇਸ ਘਟਨਾ ਤੋਂ ਸਬਕ ਲੈਂਦੇ ਹੋਏ ਤੁਰੰਤ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖ 'ਚ ਅਜਿਹਾ ਹਾਦਸਾ ਮੁੜ ਨਾ ਵਾਪਰੇ |
ਨਗਰ ਕੌਂਸਲ ਤੁਰੰਤ ਸੁਰੱਖਿਆ ਪ੍ਰਬੰਧ ਪੂਰੇ ਕਰੇਗੀ- ਈ. ਓ.
ਇਸ ਬਾਬਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਆਖਿਆ ਕਿ ਉਹ ਅੱਜ ਹੀ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਕਮਿਊਨਿਟੀ ਸੈਂਟਰ ਵਿਖੇ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਕਰਵਾਉਣਗੇ ਤਾਂ ਕਿ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ |