ਚੰਡੀਗੜ੍ਹ, 4 ਫਰਵਰੀ (ਸੰਦੀਪ ਕੁਮਾਰ ਮਾਹਨਾ)ਉਦੈਪੁਰ (ਰਾਜਸਥਾਨ) 'ਚ ਹੋਈ ਆਲ ਇੰਡੀਆ ਫਾਇਰ ਸਰਵਿਸ ਗੇਮਜ਼2026 ਦੌਰਾਨ ਅਨੁਸ਼ਾਸਨ ਅਤੇ ਹੌਸਲੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਫ਼ਾਇਰ ਸਰਵਿਸ ਦੇ 18 ਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ | ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਚੰਡੀਗੜ੍ਹ ਫ਼ਾਇਰ ਸਰਵਿਸ ਦੀ ਇਸ ਉਪਲਬਧੀ 'ਤੇ ਖੁਸ਼ੀ ਜਤਾਉਂਦਿਆਂ ਟੀਮ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਫਾਇਰਫਾਈਟਰਾਂ ਦੀ ਅਨੁਸ਼ਾਸਨ, ਸਮਰਪਣ ਅਤੇ ਕਠਿਨ ਮਿਹਨਤ ਦਾ ਨਤੀਜਾ ਹੈ | ਇਸ ਵੱਡੀ ਰਾਸ਼ਟਰੀ ਪ੍ਰਤਿਯੋਗਿਤਾ 'ਚ ਦੇਸ਼ ਭਰ ਤੋਂ ਕਰੀਬ 6 ਹਜ਼ਾਰ ਫ਼ਾਇਰਫ਼ਾਈਟਰਾਂ ਨੇ ਹਿੱਸਾ ਲਿਆ | ਚੰਡੀਗੜ੍ਹ ਵਲੋਂ 18 ਜਵਾਨਾਂ ਦੀ ਟੀਮ ਨੇ ਭਾਗ ਲੈਂਦਿਆਂ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਿ੍ਕਟ ਚੈਂਪੀਅਨਸ਼ਿਪ 'ਚ ਚੰਡੀਗੜ੍ਹ ਫ਼ਾਇਰ ਸਰਵਿਸ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਰਾਸ਼ਟਰੀ ਪੱਧਰ 'ਤੇ ਚਾਂਦੀ ਦਾ ਤਮਗਾ ਜਿੱਤਿਆ | ਟੀਮ ਦੀ ਅਗਵਾਈ ਕਪਤਾਨ ਅੰਕੁਸ਼ ਗਹਿਲਾਵਤ ਤੇ ਉਪ-ਕਪਤਾਨ ਨਰੇਸ਼ ਕੁਮਾਰ ਨੇ ਕੀਤੀ, ਜਿਨ੍ਹਾਂ ਦੀ ਅਗਵਾਈ ਅਤੇ ਟੀਮ ਵਰਕ ਨਾਲ ਇਹ ਸਫ਼ਲਤਾ ਮਿਲੀ | ਕੁਸ਼ਤੀ ਮੁਕਾਬਲਿਆਂ 'ਚ ਵੀ ਚੰਡੀਗੜ੍ਹ ਦੇ ਫ਼ਾਇਰਫ਼ਾਈਟਰਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ | ਵਿਸ਼ੂ ਮੋਰ ਨੇ ਸੋਨੇ ਦਾ ਤਮਗਾ ਜਿੱਤਿਆ, ਜਦਕਿ ਨੀਰਜ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ | ਇਸੇ ਤਰ੍ਹਾਂ ਅਨਿਲ ਅਤੇ ਸੁਭਾਸ਼ ਨੇ ਕਾਂਸੀ ਦੇ ਤਮਗੇ ਜਿੱਤ ਕੇ ਟੀਮ ਦੀ ਝੋਲੀ 'ਚ ਹੋਰ ਸਨਮਾਨ ਪਾਏ | ਖ਼ਾਸ ਤੌਰ 'ਤੇ ਸੁਭਾਸ਼ ਦੀ ਉਪਲਬਧੀ ਕਾਬਿਲ-ਏ-ਗੌਰ ਰਹੀ | ਆਖ਼ਰੀ ਪੜਾਅ ਦੇ ਕੈਂਸਰ ਨਾਲ ਜੰਗ ਜਿੱਤ ਕੇ ਮੁੜ ਖੇਡ ਮੈਦਾਨ ਵਿਚ ਵਾਪਸੀ ਕਰਦਿਆਂ ਉਨ੍ਹਾਂ ਨੇ ਕਾਂਸੀ ਦਾ ਤਮਗਾ ਜਿੱਤ ਕੇ ਹੌਂਸਲੇ ਤੇ ਜਜ਼ਬੇ ਦੀ ਮਿਸਾਲ ਕਾਇਮ ਕੀਤੀ | ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਉੱਚ ਜੋਖ਼ਮ ਅਤੇ ਚੁਣੌਤੀਪੂਰਨ ਡਿਊਟੀਆਂ ਨਿਭਾਉਂਦੇ ਹੋਏ ਖੇਡਾਂ 'ਚ ਇਸ ਤਰਾਂ ਦੀ ਕਾਮਯਾਬੀ ਹਾਸਲ ਕਰਨਾ ਚੰਡੀਗੜ੍ਹ ਫ਼ਾਇਰ ਸਰਵਿਸ ਦੀ ਕਾਰਗੁਜ਼ਾਰੀ ਅਤੇ ਅਨੁਸ਼ਾਸਨ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |