ਜ਼ੀਰਕਪੁਰ, 4 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਤਲਾਕਸ਼ੁਦਾ ਮਹਿਲਾ ਨਾਲ ਲੰਮੇ ਸਮੇਂ ਤੱਕ ਜ਼ਬਰਦਸਤੀ ਜਬਰ ਜਨਾਹ ਕਰਨ, ਜ਼ਬਰਦਸਤੀ ਗਰਭਪਾਤ ਕਰਵਾਉਣ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ ਕੇਸ ਦਰਜ ਕੀਤਾ ਹੈ | ਇਸ ਸੰਬੰਧੀ ਮਹਿਲਾ ਥਾਣਾ ਪੰਚਕੂਲਾ ਵਿਖੇ ਜਨਵਰੀ ਮਹੀਨੇ ਜ਼ੀਰੋ ਐਫ. ਆਈ. ਆਰ. ਦਰਜ ਕੀਤੀ ਗਈ ਸੀ | ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਘਟਨਾ ਜ਼ੀਰਕਪੁਰ ਖੇਤਰ ਦੀ ਹੈ, ਜਿਸ ਕਾਰਨ ਮਾਮਲਾ ਥਾਣਾ ਜ਼ੀਰਕਪੁਰ ਨੂੰ ਭੇਜ ਦਿੱਤਾ ਗਿਆ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਪੀੜਤ ਮਹਿਲਾ ਨੇ ਦੱਸਿਆ ਕਿ ਪਹਿਲੇ ਵਿਆਹ ਤੋਂ ਬਾਅਦ ਉਸ ਦਾ ਤਲਾਕ ਹੋ ਗਿਆ ਸੀ ਅਤੇ ਤਲਾਕ ਤੋਂ ਬਾਅਦ ਉਹ ਨੌਕਰੀ ਕਰਕੇ ਆਪਣੀ ਧੀ ਦਾ ਪਾਲਣ ਪੋਸ਼ਣ ਕਰ ਰਹੀ ਸੀ | ਪੀੜਤ ਮਹਿਲਾ ਅਨੁਸਾਰ ਜੂਨ 2022 'ਚ ਉਸ ਦੀ ਮੁਲਕਾਤ ਚੰਡੀਗੜ੍ਹ 'ਚ ਦੋਸ਼ੀ ਰੋਹਿਤ ਕੁਮਾਰ ਵਾਸੀ ਪਠਾਨਕੋਟ (ਪੰਜਾਬ) ਨਾਲ ਹੋਈ ਸੀ, ਜਿਸਨੇ ਆਪਣੇ ਆਪ ਨੂੰ ਤਲਾਕਸ਼ੁਦਾ ਦੱਸ ਕੇ ਵਿਆਹ ਦਾ ਭਰੋਸਾ ਦਿੱਤਾ | ਸ਼ਿਕਾਇਤ ਅਨੁਸਾਰ ਦੋਸ਼ੀ ਰੋਹਿਤ ਕੁਮਾਰ ਪੀੜਤ ਮਹਿਲਾ ਨਾਲ ਨੋਇਡਾ ਤੇ ਬਾਅਦ 'ਚ ਚੰਡੀਮੰਦਰ ਪੰਚਕੂਲਾ 'ਚ ਕਿਰਾਏ ਦੇ ਕਮਰਿਆਂ 'ਚ ਰਹਿੰਦਾ ਰਿਹਾ | ਇਸ ਦੌਰਾਨ ਉਹ ਵਾਰ-ਵਾਰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਜਦ ਵੀ ਪੀੜਤ ਵਿਆਹ ਦੀ ਗੱਲ ਕਰਦੀ ਤਾਂ ਦੋਸ਼ੀ ਉਸ ਨੂੰ ਟਾਲ ਦਿੰਦਾ ਸੀ | ਇਸ ਦੌਰਾਨ ਉਹ ਗਰਭਵਤੀ ਹੋ ਗਈ ਸੀ, ਪਰ ਦੋਸ਼ੀ ਨੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਦਵਾਈਆਂ ਖੁਆ ਕੇ ਗਰਭਪਾਤ ਕਰਵਾ ਦਿੱਤਾ | ਇਸ ਤੋਂ ਬਾਅਦ ਵੀ ਦੋਸ਼ੀ ਉਸ ਨੂੰ ਧੋਖੇ ਵਿਚ ਰੱਖਦਾ ਰਿਹਾ | ਪੀੜਤ ਮਹਿਲਾ ਨੇ ਇਹ ਵੀ ਦੱਸਿਆ ਕਿ ਦੋਸ਼ੀ ਭਾਰਤੀ ਫੌਜ 'ਚ ਹਵਲਦਾਰ ਦੇ ਅਹੁਦੇ 'ਤੇ ਪਠਾਨਕੋਟ ਵਿਖੇ ਤਾਇਨਾਤ ਹੈ ਤੇ ਉਹ ਪਹਿਲਾਂ ਤੋਂ ਵਿਆਹਿਆ ਹੋਇਆ ਹੈ | ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਮੋਨਿਕਾ ਵੀ ਦੋਸ਼ੀ ਨਾਲ ਮਿਲ ਕੇ ਉਸ ਨੂੰ ਧਮਕੀਆਂ ਦਿੰਦੀ ਰਹੀ | ਪੀੜਤ ਵਲੋਂ ਮਹਿਲਾ ਥਾਣਾ ਪੰਚਕੂਲਾ 'ਚ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਜ਼ੀਰੋ ਐਫ. ਆਈ. ਆਰ. ਦਰਜ ਕੀਤੀ ਗਈ ਤੇ ਮਾਮਲੇ ਨੂੰ ਅੱਗੇ ਦੀ ਕਾਰਵਾਈ ਲਈ ਜ਼ੀਰਕਪੁਰ ਪੁਲਿਸ ਨੂੰ ਟ੍ਰਾਂਸਫ਼ਰ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |