ਜ਼ੀਰਕਪੁਰ, 4 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਵਲੋਂ ਏ. ਐੱਸ. ਪੀ. ਗਜ਼ਲਪ੍ਰੀਤ ਕੌਰ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਜ਼ੀਰਕਪੁਰ-ਪੰਚਕੂਲਾ ਰੋਡ 'ਤੇ ਵੀ. ਆਈ. ਪੀ. ਰੋਡ 'ਤੇ ਸਥਿਤ ਹੋਟਲ ਤੇ ਸਪਾ ਸੈਂਟਰਾਂ ਵਿਖੇ ਛਾਪੇਮਾਰੀ ਕੀਤੀ ਗਈ | ਇਸ ਕਾਰਵਾਈ ਦੌਰਾਨ ਪੁਲਿਸ ਨੇ ਹੋਟਲ ਚਿਰਾਗ 'ਚ ਚੱਲ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਹੋਟਲ 'ਚੋਂ 7 ਲੜਕੀਆਂ ਨੂੰ ਬਚਾਇਆ | ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ ਹੋਟਲ ਦੇ ਮੈਨੇਜਰ ਨੂੰ ਵੀ ਹਿਰਾਸਤ ਵਿਚ ਲੈ ਲਿਆ | ਪੁਲਿਸ ਹੁਣ ਹੋਟਲ ਮਾਲਕ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਐੱਸ. ਪੀ. ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਹੋਟਲ 'ਚੋਂ ਭਾਰੀ ਮਾਤਰਾ ਵਿਚ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ, ਜਿਸ ਕਾਰਨ ਹੋਟਲ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਨੇ ਵੀ. ਆਈ. ਪੀ. ਰੋਡ 'ਤੇ ਸਥਿਤ ਓਰਾ ਅਤੇ ਫਾਰਐਵਰ ਨਾਮਕ ਦੋ ਸਪਾ ਸੈਂਟਰਾਂ 'ਤੇ ਵੀ ਛਾਪੇਮਾਰੀ ਕੀਤੀ, ਪਰ ਛਾਪੇਮਾਰੀ ਦੀ ਭਿਣਕ ਪਹਿਲਾਂ ਹੀ ਮਿਲਣ ਕਾਰਨ ਇਨ੍ਹਾਂ ਸੈਂਟਰਾਂ ਦੇ ਸੰਚਾਲਕ ਤੇ ਹੋਰ ਮੁਲਾਜ਼ਮ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ | ਪੁਲਿਸ ਨੇ ਕਾਰਵਾਈ ਕਰਦਿਆਂ ਦੋਵਾਂ ਸਪਾ ਸੈਂਟਰਾਂ ਨੂੰ ਵੀ ਸੀਲ ਕਰ ਦਿੱਤਾ ਹੈ | ਇਸ ਮੌਕੇ ਏ. ਅੱੈਸ. ਪੀ. ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਇਨ੍ਹਾਂ ਥਾਵਾਂ 'ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ | ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ੀਰਕਪੁਰ ਪੁਲਿਸ ਲਗਪਗ 65 ਲੜਕੀਆਂ ਨੂੰ ਦੇਹ-ਵਪਾਰ ਦੇ ਧੰਦੇ ਵਿਚੋਂ ਮੁਕਤ ਕਰਵਾ ਚੁੱਕੀ ਹੈ | ਪੁਲਿਸ ਵਲੋਂ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਅਜਿਹੇ ਗ਼ੈਰ-ਕਾਨੂੰਨੀ ਕੰਮਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਸਖ਼ਤ ਛਾਪੇਮਾਰੀ ਕੀਤੀ ਜਾਵੇਗੀ |