ਐੱਸ. ਏ. ਐੱਸ. ਨਗਰ, 4 ਫਰਵਰੀ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਵੀਜ਼ਾ ਦਿਵਾਉਣ ਦੇ ਨਾਂਅ 'ਤੇ 5 ਹਜ਼ਾਰ ਰੁ. ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਗ਼ੈਰ-ਲਾਇਸੰਸੀ ਇੰਮੀਗ੍ਰੇਸ਼ਨ ਕੰਸਲਟੈਂਟ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਗਈ | ਇਸ ਸੰਬੰਧੀ 2 ਫਰਵਰੀ ਨੂੰ ਬੀ. ਐੱਨ. ਐੱਸ. ਦੀ ਧਾਰਾ 316 (2), 318 (4) ਅਤੇ 24 ਇੰਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਧਰਮਿੰਦਰ ਕੁਮਾਰ ਵਾਸੀ ਪਿੰਡ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ ਮੁਹਾਲੀ ਦੇ ਫੇਜ਼-11 ਸਥਿਤ 'ਡਰੀਮ ਮੇਕਰ ਕੰਸਲਟੈਂਟ' ਦੇ ਨਾਂਅ ਹੇਠ ਇੰਮੀਗ੍ਰੇਸ਼ਨ ਦਾ ਦਫ਼ਤਰ ਚਲਾਇਆ ਜਾ ਰਿਹਾ ਸੀ, ਜਿਥੇ ਕਿ ਉਸ ਨਾਲ ਠੱਗੀ ਕੀਤੀ ਗਈ | ਇਸ ਤੋਂ ਬਾਅਦ ਥਾਣਾ ਫੇਜ਼-11 ਦੇ ਐੱਸ. ਐੱਚ. ਓ. ਅਮਨ ਬੈਦਵਾਣ ਵਲੋਂ ਦਫ਼ਤਰ ਦੇ ਮਾਲਕ ਬਲਕਰਨ ਸਿੰਘ ਮੂਲ ਵਾਸੀ ਪਿੰਡ ਪਿਓਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਹਾਲ ਵਾਸੀ ਪੂਨੀਆ ਪੀ. ਜੀ. ਸੈਕਟਰ-68 ਮੁਹਾਲੀ ਅਤੇ ਉਸ ਦੇ ਸਾਥੀ ਸੁਰਿੰਦਰ ਸਿੰਘ ਉਰਫ਼ ਸੰਦੀਪ ਸਿੰਘ ਨੂੰ ਧਾਰਾ 35 (3) ਬੀ. ਐੱਨ. ਐੱਸ. ਐੱਸ. ਅਧੀਨ ਨੋਟਿਸ ਜਾਰੀ ਕਰਕੇ ਆਪਣੇ ਪੱਖ ਸੰਬੰਧੀ ਦਸਤਾਵੇਜ਼ ਪੇਸ਼ ਕਰਨ ਲਈ ਥਾਣੇ ਬੁਲਾਇਆ ਗਿਆ ਸੀ | ਜਾਂਚ ਦੌਰਾਨ ਬਲਕਰਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਥਾਣੇ ਵਿਖੇ ਪੇਸ਼ ਹੋਇਆ ਸੀ, ਪਰ ਉਹ ਆਪਣੇ ਪੱਖ ਵਿਚ ਕੋਈ ਵੀ ਕਾਨੂੰਨੀ ਦਸਤਾਵੇਜ਼ ਜਾਂ ਇੰਮੀਗ੍ਰੇਸ਼ਨ ਲਾਇਸੰਸ ਪੇਸ਼ ਨਾ ਕਰ ਸਕਿਆ | ਪੁਲਿਸ ਵਲੋਂ ਅਗਲੇ ਦਿਨ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ |