ਡੇਰਾਬੱਸੀ, 20 ਫਰਵਰੀ (ਰਣਬੀਰ ਸਿੰਘ ਪੜ੍ਹੀ)-ਪਿੰਡ ਭਾਂਖਰਪੁਰ ਵਿਖੇ ਘੱਗਰ ਦਰਿਆ 'ਚ ਚੱਲ ਰਹੀ ਕਥਿਤ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਆਿਖ਼ਰਕਾਰ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਇਕ ਨਿੱਜੀ ਕੰਪਨੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਹਾਲਾਂਕਿ ਇਹ ਕਾਰਵਾਈ ਉਦੋਂ ਅਮਲ 'ਚ ਲਿਆਂਦੀ ਗਈ, ਜਦੋਂ ਪਾਣੀ ਸਿਰ ਤੋਂ ਉੱਪਰ ਲੰਘ ਗਿਆ | ਜ਼ਿਕਰਯੋਗ ਹੈ ਕਿ ਪਿੰਡ ਭਾਂਖਰਪੁਰ ਵਿਖੇ ਘੱਗਰ ਨਦੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮੀਡੀਆ ਵਲੋਂ ਪਹਿਲਾਂ ਹੀ ਕਈ ਵਾਰ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਸਨ, ਜਿਨ੍ਹਾਂ 'ਚ ਸਪੱਸ਼ਟ ਤੌਰ 'ਤੇ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਦਾ ਖੁਲਾਸਾ ਕੀਤਾ ਗਿਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਲੰਬੇ ਸਮੇਂ ਤੱਕ ਕੁੰਭਕਰਨੀ ਨੀਂਦ ਸੁੱਤਾ ਰਿਹਾ ਅਤੇ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਗਈ | ਹੁਣ ਜਦੋਂ ਮਾਮਲਾ ਪੂਰੀ ਤਰ੍ਹਾਂ ਭੱਖ ਗਿਆ ਤਾਂ ਵਿਭਾਗ ਨੇ ਹਰਕਤ 'ਚ ਆਉਂਦਿਆਂ ਦਸਮੇਸ਼ ਕੰਸਟਰੱਕਸ਼ਨ ਕੰਪਨੀ ਵਿਰੁੱਧ ਕੇਸ ਦਰਜ ਕਰਵਾਇਆ ਹੈ | ਮਾਈਨਿੰਗ ਇੰਸਪੈਕਟਰ ਅਨੁਜ ਕੁਮਾਰ ਅਨੁਸਾਰ ਉਕਤ ਕੰਪਨੀ ਨੂੰ ਡੀ-ਸਿਲਟਿੰਗ ਦਾ ਕੰਮ ਦਿੱਤਾ ਗਿਆ ਸੀ, ਜਿਸ ਨੂੰ ਸਰਕਾਰੀ ਫ਼ੀਸ ਨਾ ਭਰਨ ਕਾਰਨ 4 ਫਰਵਰੀ ਨੂੰ ਬੰਦ ਕਰਵਾ ਦਿੱਤਾ ਗਿਆ ਸੀ | ਇਸ ਦੇ ਬਾਵਜੂਦ ਕੰਪਨੀ ਵਲੋਂ ਗ਼ੈਰਕਾਨੂੰਨੀ ਤਰੀਕੇ ਨਾਲ ਵਾਧੂ ਪੁਟਾਈ ਜਾਰੀ ਰੱਖੀ ਗਈ | ਐੱਸ. ਡੀ. ਓ. ਨੂੰ ਡੀ-ਸਿਲਟਿੰਗ ਦੀ ਬਕਾਇਆ ਰਾਸ਼ੀ ਸੰਬੰਧੀ ਪੁੱਛੇ ਗਏ ਸਵਾਲ 'ਚ ਉਨ੍ਹਾਂ ਕਿਹਾ ਕਿ ਸਰਵੇ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਅਸਲ ਬਕਾਇਆ ਰਾਸ਼ੀ ਦਾ ਪਤਾ ਲੱਗ ਸਕੇਗਾ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਵਲੋਂ ਦੇਰੀ ਨਾਲ ਕੀਤੀ ਜਾ ਰਹੀ ਇਸ ਕਾਰਵਾਈ 'ਤੇ ਸਵਾਲ ਚੁੱਕੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੀਡੀਆ ਦੀਆਂ ਖ਼ਬਰਾਂ 'ਤੇ ਸਮੇਂ ਸਿਰ ਗੌਰ ਕੀਤਾ ਜਾਂਦਾ ਤਾਂ ਦਰਿਆ ਨੂੰ ਇੰਨਾ ਨੁਕਸਾਨ ਨਾ ਹੁੰਦਾ | ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |