ਮਾਜਰੀ, 20 ਫਰਵਰੀ (ਕੁਲਵੰਤ ਸਿੰਘ ਧੀਮਾਨ)-21 ਫਰਵਰੀ ਨੂੰ ਭਾਈ ਜਗਤਾਰ ਸਿੰਘ ਦੇ ਪਿੰਡ ਹਵਾਰਾ ਵਿਖੇ ਹੋਣ ਜਾ ਰਹੀ ਇਕੱਤਰਤਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਰੇਸ਼ਮ ਸਿੰਘ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕਰਕੇੇ ਲੋਕਾਂ ਲਾਮਬੰਦ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਪਿੰਡ ਮੀਆਂਪੁਰ ਚੰਗਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੇਸ਼ਮ ਸਿੰਘ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਸਿੱਖ ਮਸਲਿਆਂ ਵਿਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਦਖ਼ਲਅੰਦਾਜ਼ੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਦੇ ਕੇ ਸਰਕਾਰਾਂ ਵਲੋਂ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜਦਕਿ ਜਬਰ-ਜਨਾਹ ਦੇ ਦੋਸ਼ੀ ਡੇਰਾ ਸਾਧ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਿਤਕਰੇ ਕਾਰਨ ਹੀ ਸਿੱਖਾਂ 'ਚ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਥਕ ਧਿਰਾਂ ਇਕ ਪਲੇਟਫਾਰਮ 'ਤੇ ਇਕੱਠੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸਿੱਖਾਂ ਨੀਵਾਂ ਦਿਖਾਉਣ ਦੀਆਂ ਕੋਝੀਆਂ ਚਾਲਾਂ ਨਿਰੰਤਰ ਜਾਰੀ ਰਹਿਣਗੀਆਂ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ 21 ਫਰਵਰੀ ਨੂੰ ਪਿੰਡ ਹਵਾਰਾ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਤਾਂ ਜੋ ਸਿੱਖ ਕੌਮ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰਾਂ 'ਤੇ ਦਬਾਅ ਬਣਾਇਆ ਜਾ ਸਕੇ | ਇਸ ਮੌਕੇ ਬਲਾਕ ਪ੍ਰਧਾਨ ਸੱਜਣ ਸਿੰਘ, ਗੁਰਪਾਲ ਸਿੰਘ, ਸਵਰਨ ਸਿੰਘ, ਕਰਨੈਲ ਸਿੰਘ ਕਾਲਾ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਵਰਿੰਦਰ ਸਿੰਘ, ਵਿਸਾਖਾ ਸਿੰਘ, ਨਰਾਤਾ ਸਿੰਘ, ਕੁਲਦੀਪ ਸਿੰਘ, ਨਵੀਨ ਬਾਂਸਲ ਤੇ ਮਾਮਦੀਨ ਖਿਜ਼ਰਾਬਾਦ ਆਦਿ ਵੀ ਹਾਜ਼ਰ ਸਨ |