ਮਾਜਰੀ, 23 ਫਰਵਰੀ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਵਿਖੇ ਸਾਲਾਨਾ ਹੋਲੇ-ਮਹੱਲਾ 24, 25 ਤੇ 26 ਫਰਵਰੀ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਖਿਜ਼ਰਾਬਾਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਅਤੇ ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਦਸਵੀਂ ਖਿਜ਼ਰਾਬਾਦ ਵਿਖੇ ਹੋਲਾ-ਮਹੱਲਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਮਾਗਮ ਦੇ ਅੱਜ ਪਹਿਲੇ ਦਿਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ, ਉਪਰੰਤ ਦੁਪਹਿਰ 12 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਕਿ ਪਿੰਡ ਦੀਆਂ ਬਰੂਹਾਂ 'ਚੋਂ ਦੀ ਹੁੰਦਾ ਹੋਇਆ ਸ਼ਾਮ ਦੇ 6 ਵਜੇ ਮੁੜ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਵਿਖੇ ਪੁੱਜ ਕੇ ਅਰਦਾਸ ਉਪਰੰਤ ਸੰਪੂਰਨ ਹੋਵੇਗਾ | ਇਸ ਤੋਂ ਇਲਾਵਾ 24, 25 ਤੇ 26 ਫਰਵਰੀ ਨੂੰ ਦਿਨ ਤੇ ਰਾਤਰੀ ਦੇ ਖੁੱਲ੍ਹੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਅਤੇ ਗੁਰ-ਇਤਿਹਾਸ ਸੁਣਾ ਕੇ ਨਿਹਾਲ ਕਰਨਗੇ |