ਚੰਡੀਗੜ੍ਹ, 25 ਫ਼ਰਵਰੀ (ਕਪਿਲ ਵਧਵਾ) ਚੰਡੀਗੜ੍ਹ ਸਥਿਤ ਹਰਿਆਣਾ ਸਕੱਤਰੇਤ ਵਿਚ ਬੁੱਧਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇਕ ਅਧਿਕਾਰੀ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗਣੇਸ਼ ਦਾਸ ਅਰੋੜਾ ਵਜੋਂ ਹੋਈ ਹੈ, ਜੋ ਕਿ ਆਈ.ਏ.ਐੱਸ. ਅਧਿਕਾਰੀ ਹਿਤੇਸ਼ ਕੁਮਾਰ ਮੀਨਾ ਦੇ ਸਪੈਸ਼ਲ ਸੀਨੀਅਰ ਸਕੱਤਰ ਵਜੋਂ ਤਾਇਨਾਤ ਸਨ।
ਮਿਲੀ ਜਾਣਕਾਰੀ ਅਨੁਸਾਰ ਗਣੇਸ਼ ਦਾਸ ਦੀ ਤਾਇਨਾਤੀ ਆਈ.ਏ.ਐੱਸ. ਹਿਤੇਸ਼ ਕੁਮਾਰ ਮੀਣਾ ਦੇ ਦਫ਼ਤਰ ਵਿਚ ਬਤੌਰ ਨਿੱਜੀ ਸਕੱਤਰ ਕੀਤੀ ਗਈ ਸੀ। ਹਾਲ ਹੀ ਵਿਚ ਉਨ੍ਹਾਂ ਦੀ ਸਪੈਸ਼ਲ ਸੀਨੀਅਰ ਸਕੱਤਰ ਦੇ ਪਦ 'ਤੇ ਤਰੱਕੀ ਹੋਈ ਸੀ, ਜਿਸ ਕਾਰਨ ਉਨ੍ਹਾਂ ਦੀ ਬ੍ਰਾਂਚ ਵੀ ਬਦਲੀ ਗਈ ਸੀ। ਸਕੱਤਰੇਤ ਦੇ ਕੁਝ ਕਰਮਚਾਰੀਆਂ ਮੁਤਾਬਕ ਇਸ ਬਦਲਾਅ ਨੂੰ ਲੈ ਕੇ ਉਹ ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਦੀ ਇਸੇ ਸਾਲ ਅਕਤੂਬਰ ਮਹੀਨੇ ਵਿਚ ਸੇਵਾਮੁਕਤੀ ਹੋਣੀ ਸੀ। ਚਸ਼ਮਦੀਦਾਂ ਦੇ ਅਨੁਸਾਰ ਦੁਪਹਿਰ ਕਰੀਬ 12:30 ਵਜੇ ਅਰੋੜਾ ਆਪਣੇ ਦਫ਼ਤਰ ਵਿਚ ਕੰਮ ਕਰ ਰਹੇ ਸਨ। ਅਚਾਨਕ ਉਹ ਬਿਨਾਂ ਕਿਸੇ ਨੂੰ ਕੁਝ ਦੱਸੇ ਆਪਣੀ ਕੁਰਸੀ ਤੋਂ ਉੱਠੇ ਅਤੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਮੌਕੇ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੂੰ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਵਿਚ ਰੱਖਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਜਿਸ ਵਿਚ ਖੁਦਕੁਸ਼ੀ ਕਰਨ ਵਾਲੇ ਨੇ ਕਿਸੇ ਨੂੰ ਵੀ ਆਪਣੀ ਮੌਤ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ 9 ਫ਼ਰਵਰੀ ਨੂੰ ਵੀ ਉਨ੍ਹਾਂ ਨੇ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੌਕੇ 'ਤੇ ਮੌਜੂਦ ਸਾਥੀਆਂ ਨੇ ਉਨ੍ਹਾਂ ਨੂੰ ਬਚਾ ਲਿਆ ਸੀ। ਉਸ ਘਟਨਾ ਤੋਂ ਬਾਅਦ ਉਹ ਛੁੱਟੀ 'ਤੇ ਚੱਲ ਰਹੇ ਸਨ ਅਤੇ ਬੁੱਧਵਾਰ ਨੂੰ ਹੀ ਡਿਊਟੀ 'ਤੇ ਵਾਪਸ ਆਏ ਸਨ। ਸਕੱਤਰੇਤ ਦੇ ਕਰਮਚਾਰੀਆਂ ਵਿਚ ਇਸ ਘਟਨਾ ਕਾਰਨ ਗਹਿਰਾ ਸੋਗ ਅਤੇ ਚਿੰਤਾ ਦਾ ਮਾਹੌਲ ਹੈ।
ਹਰਿਆਣਾ ਸਕੱਤਰੇਤ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਨਿੱਜੀ ਸਕੱਤਰ ਨੇ ਕੀਤੀ ਖ਼ੁਦਕੁਸ਼ੀ
ਅਜੀਤ ਡੈਸਕ
26-02-2026