ਚੰਡੀਗੜ੍ਹ, 5 ਮਾਰਚ (ਅਜਾਇਬ ਸਿੰਘ ਔਜਲਾ) ਟਰਾਈਸਿਟੀ ਦੇ ਥੀਏਟਰ ਕਲਾਕਾਰਾਂ ਨੇ ਸੈਕਟਰ 18, ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਹੋਲੀ ਦਾ ਤਿਉਹਾਰ ਮਨਾਇਆ | ਇਸ ਮੌਕੇ ਸ਼ਹਿਰ ਦੇ ਬਹੁਤ ਸਾਰੇ ਥੀਏਟਰ ਕਲਾਕਾਰ ਅਤੇ ਕਲਾ ਪ੍ਰੇਮੀ ਇਕੱਠੇ ਹੋਏ ਅਤੇ ਇੱਕ ਦੂਜੇ ਨੂੰ ਰੰਗਾਂ ਨਾਲ ਵਧਾਈਆਂ ਦਿੰਦਿਆਂ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਵੀ ਜ਼ੋਰ ਦਿੱਤਾ ਗਿਆ | ਪ੍ਰੋਗਰਾਮ 'ਚ ਉਤਰ ਕੇਂਦਰੀ ਜ਼ੋਨ ਸੱਭਿਆਚਾਰਕ ਕੇਂਦਰ, ਪ੍ਰਯਾਗਰਾਜ ਦੇ ਡਾਇਰੈਕਟਰ ਸੁਦੇਸ਼ ਸ਼ਰਮਾ, ਟੈਗੋਰ ਥੀਏਟਰ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ, ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ, ਸਥਾਨਕ ਨਿਰਦੇਸ਼ਕ ਸੰਗੀਤਾ ਗੁਪਤਾ, ਹਰਵਿੰਦਰ ਸਿੰਘ, ਸਰਵਰ ਅਲੀ, ਦੀਪਕ, ਸਾਰਥਕ, ਹੀਰਾ ਨੇਗੀ ਅਤੇ ਪੰਡਿਤ ਵਿਨੋਦ ਪਵਾਰ ਸਮੇਤ ਟਰਾਈਸਿਟੀ ਦੇ ਕਈ ਥੀਏਟਰ ਕਲਾਕਾਰ ਸ਼ਾਮਿਲ ਹੋਏ | ਇਸ ਮੌਕੇ ਸੁਦੇਸ਼ ਸ਼ਰਮਾ ਨੇ ਕਿਹਾ, ''ਹੋਲੀ ਰੰਗਾਂ ਦਾ ਤਿਉਹਾਰ ਹੈ | ਇਹ ਸਾਨੂੰ ਆਪਸੀ ਪਿਆਰ, ਸਦਭਾਵਨਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ | ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਕਲਾਕਾਰ ਆਪਣੀ ਕਲਾ ਰਾਹੀਂ ਸਾਲ ਭਰ ਸਮਾਜ ਵਿਚ ਰੰਗ ਅਤੇ ਭਾਵਨਾਵਾਂ ਫੈਲਾਉਂਦੇ ਹਨ | ਹਰਵਿੰਦਰ ਸਿੰਘ ਨੇ ਕਿਹਾ ਕਿ ਰੰਗ ਹਰ ਕਿਸੇ ਦੇ ਜੀਵਨ ਵਿਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ | ਸਮਾਗਮ ਦੌਰਾਨ, ਕਲਾਕਾਰਾਂ ਨੇ ਇੱਕ ਦੂਜੇ ਨਾਲ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਰੰਗਮੰਚ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲਿਆ | ਉਲੇਖਣੀ ਹੈ ਕਿ ਮਹਿਲਾਵਾਂ ਵਲੋਂ ਵੀ ਇਸ ਤਿਉਹਾਰ ਨੂੰ ਉਤਸੁਕਤਾ ਨਾਲ ਮਨਾਇਆ ਗਿਆ | ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਹੋਲੀ ਦੇ ਤਿਉਹਾਰ ਪ੍ਰਤੀ ਆਸਥਾ ਰੱਖਣ ਵਾਲਿਆਂ ਨੇ ਮੁੱਖ ਮੰਤਰੀ ਨੂੰ ਵੀ ਹਰਬਲ ਰੰਗਾਂ ਨਾਲ ਰੰਗਿਆ |